IMG-LOGO
ਹੋਮ ਪੰਜਾਬ: ਬਟਾਲਾ 'ਚ ਕਾਰੋਬਾਰੀ ਰੰਜਿਸ਼ ਕਾਰਨ ਨੌਜਵਾਨ ਦਾ ਸ਼ਰੇਆਮ ਕਤਲ: ਪੰਜ...

ਬਟਾਲਾ 'ਚ ਕਾਰੋਬਾਰੀ ਰੰਜਿਸ਼ ਕਾਰਨ ਨੌਜਵਾਨ ਦਾ ਸ਼ਰੇਆਮ ਕਤਲ: ਪੰਜ ਭੈਣਾਂ ਦੇ ਇਕਲੌਤੇ ਭਰਾ ਦੇ ਸਿਰ 'ਚ ਮਾਰੀ ਗੋਲੀ

Admin User - Sep 21, 2026 11:11 AM
IMG

ਬਟਾਲਾ: ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਮੱਲਿਆਂਵਾਲ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਬੀਤੀ ਦੇਰ ਸ਼ਾਮ ਘਰ ਦੇ ਬਾਹਰ ਟਹਿਲ ਰਹੇ ਇੱਕ 35 ਸਾਲਾ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਫਲਜੀਤ ਸਿੰਘ ਉਰਫ਼ ਲਾਲੀ (ਪੁੱਤਰ ਸਵ. ਸੁਲੱਖਣ ਸਿੰਘ) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਫਲਜੀਤ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ। ਇਸੇ ਦੌਰਾਨ ਕੁਝ ਪੈਦਲ ਆਏ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਗੱਲਬਾਤ ਸ਼ੁਰੂ ਕੀਤੀ। ਤਕਰਾਰ ਵਧਣ 'ਤੇ ਮੁਲਜ਼ਮਾਂ ਨੇ ਉਸ ਦੇ ਸਿਰ 'ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਖ਼ੂਨ ਨਾਲ ਲੱਤਪੱਥ ਹੋ ਕੇ ਜ਼ਮੀਨ 'ਤੇ ਡਿੱਗ ਪਿਆ।


ਗੰਭੀਰ ਹਾਲਤ ਵਿੱਚ ਪਰਿਵਾਰਕ ਮੈਂਬਰ ਫਲਜੀਤ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੇ। ਡਿਊਟੀ 'ਤੇ ਮੌਜੂਦ ਡਾਕਟਰ ਵਿਪਨਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ।


ਮ੍ਰਿਤਕ ਦੇ ਚਾਚਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਤਲ ਸ਼ਰੀਕੇਬਾਜ਼ੀ ਅਤੇ ਕਾਰੋਬਾਰੀ ਰੰਜਿਸ਼ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਦੂਜੀ ਧਿਰ ਕੋਲ ਪਹਿਲਾਂ ਤੋਂ ਕੰਬਾਈਨ ਸੀ, ਪਰ ਫਲਜੀਤ ਸਿੰਘ ਵਲੋਂ ਨਵੀਂ ਕੰਬਾਈਨ ਖ਼ਰੀਦਣ ਤੋਂ ਬਾਅਦ ਉਸ ਦਾ ਕੰਮ ਵਧੀਆ ਚੱਲਣ ਲੱਗ ਪਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।


ਮ੍ਰਿਤਕ ਫਲਜੀਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਹੈ। ਦੁਖਦ ਪਹਿਲੂ ਇਹ ਵੀ ਹੈ ਕਿ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਉਸ ਦੇ ਪਿਤਾ ਦਾ ਦਿਹਾਂਤ ਹੋਇਆ ਸੀ। ਇੱਕੋ ਮਹੀਨੇ 'ਚ ਦੋ ਜੀਆਂ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।


ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.