IMG-LOGO
ਹੋਮ ਪੰਜਾਬ: ਪਰਾਲੀ ਸਾੜਨ ਤੋਂ ਬਿਨਾਂ ਖੇਤੀ ਕਰਕੇ ਸੁਖਰਾਜ ਸਿੰਘ ਨੇ ਪੇਸ਼...

ਪਰਾਲੀ ਸਾੜਨ ਤੋਂ ਬਿਨਾਂ ਖੇਤੀ ਕਰਕੇ ਸੁਖਰਾਜ ਸਿੰਘ ਨੇ ਪੇਸ਼ ਕੀਤੀ ਮਿਸਾਲ, ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਕਰ ਰਿਹਾ ਖੇਤੀ

Admin User - Sep 19, 2026 06:42 PM
IMG

ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਅਧੀਨ ਪੈਂਦੇ ਪਿੰਡ ਦੁੱਨੇਵਾਲਾ ਦੇ ਕਿਸਾਨ ਸੁਖਰਾਜ ਸਿੰਘ ਵੱਲੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ। ਕਿਸਾਨ ਵੱਲੋਂ ਕਰੀਬ 24 ਏਕੜ ਰਕਬੇ ਵਿੱਚ ਖੇਤੀ ਕੀਤੀ ਜਾਂਦੀ ਹੈ, ਜਿਸ ਵਿੱਚੋਂ 21 ਏਕੜ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਪਿਛਲੇ 6-7 ਸਾਲਾਂ ਤੋਂ ਉਹ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰ ਰਿਹਾ ਹੈ।

ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਸ਼ੁਰੂਆਤ ਵਿੱਚ 10 ਏਕੜ ਰਕਬੇ ਵਿੱਚ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕੀਤੀ ਸੀ। ਪਹਿਲੇ ਸਾਲ ਹੈਪੀ ਸੀਡਰ ਦੀ ਵਰਤੋਂ ਕੀਤੀ ਗਈ, ਜਦਕਿ ਅਗਲੇ ਸਾਲ ਰਕਬਾ ਵਧਾ ਕੇ 18 ਏਕੜ ਕਰ ਦਿੱਤਾ ਗਿਆ ਅਤੇ ਸੁਪਰ ਸੀਡਰ ਰਾਹੀਂ ਬਿਜਾਈ ਕੀਤੀ ਗਈ। ਇਸ ਤਰੀਕੇ ਨਾਲ ਕਣਕ ਦਾ ਝਾੜ ਵੀ ਵਧੀਆ ਪ੍ਰਾਪਤ ਹੋਇਆ।

ਕਿਸਾਨ ਅਨੁਸਾਰ, ਸੁਪਰ ਸੀਡਰ ਝੋਨੇ ਦੀ ਪਰਾਲੀ ਨੂੰ ਬਾਰੀਕ ਕੱਟ ਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ, ਜਿਸ ਨਾਲ ਪਰਾਲੀ ਖੇਤ ਵਿੱਚ ਹੀ ਗਲ ਕੇ ਜੈਵਿਕ ਖਾਦ ਵਜੋਂ ਕੰਮ ਕਰਦੀ ਹੈ। ਇਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਗੰਡੋਏ ਵਰਗੇ ਮਿੱਤਰ ਜੀਵਾਂ ਦੀ ਸੁਰੱਖਿਆ ਵਿੱਚ ਵੀ ਮਦਦ ਮਿਲਦੀ ਹੈ।

ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਦੀ ਵਰਤੋਂ ਨਾਲ ਇੱਕੋ ਗੇੜੇ ਵਿੱਚ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਹੋ ਜਾਂਦੀ ਹੈ। ਇਸ ਨਾਲ ਡੀਜ਼ਲ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਖੇਤ ਵਿੱਚ ਪਰਾਲੀ ਮਿਲਣ ਕਾਰਨ ਮਿੱਟੀ ਦੀ ਨਮੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਜਿਸ ਨਾਲ ਸਿੰਚਾਈ ਦੀ ਲੋੜ ਵਿੱਚ ਵੀ ਕਮੀ ਆ ਸਕਦੀ ਹੈ।

ਸੁਖਰਾਜ ਸਿੰਘ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਦੀ ਇਸ ਵਿਧੀ ਨਾਲ ਕਣਕ ਦੀ ਫਸਲ ਵਿੱਚ ਵਧੀਆ ਫੁਟਾਰਾ ਹੋਇਆ ਅਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਰਹੀ। ਉਨ੍ਹਾਂ ਵੱਲੋਂ ਦੱਸੇ ਅਨੁਸਾਰ, ਪਹਿਲੇ ਸਾਲ ਹੈਪੀ ਸੀਡਰ ਨਾਲ ਕਣਕ ਦਾ ਝਾੜ 24 ਕੁਇੰਟਲ ਅਤੇ ਦੂਜੇ ਸਾਲ ਸੁਪਰ ਸੀਡਰ ਨਾਲ 25 ਕੁਇੰਟਲ ਪ੍ਰਤੀ ਏਕੜ ਰਿਹਾ।

ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਹੈਪੀ ਸੀਡਰ ਜਾਂ ਸੁਪਰ ਸੀਡਰ ਵਰਗੀਆਂ ਮਸ਼ੀਨਾਂ ਰਾਹੀਂ ਇਸ ਦਾ ਪ੍ਰਬੰਧਨ ਕਰਨ, ਤਾਂ ਜੋ ਪਾਣੀ ਦੀ ਬੱਚਤ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜੈਵਿਕ ਪਦਾਰਥ ਦੀ ਮਾਤਰਾ ਵਿੱਚ ਸੁਧਾਰ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.