ਤਾਜਾ ਖਬਰਾਂ
ਅੰਮ੍ਰਿਤਸਰ: ਸਥਾਨਕ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਭਾਈ ਮਾਨ ਸਿੰਘ ਰੋਡ 'ਤੇ ਵਿਭਾਗੀ ਲਾਪਰਵਾਹੀ ਕਾਰਨ ਨਹਿਰ ਪਾਟਣ ਨਾਲ ਪੂਰੇ ਇਲਾਕੇ ਵਿੱਚ ਜਲ-ਥਲ ਦੀ ਸਥਿਤੀ ਬਣ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਜਾਂ ਨਹਿਰੀ ਵਿਭਾਗ ਵੱਲੋਂ ਪਾਈਪਾਂ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਅਣਗਹਿਲੀ ਕਾਰਨ ਨਹਿਰ ਪੰਕਚਰ ਹੋ ਗਈ, ਜਿਸ ਤੋਂ ਬਾਅਦ ਤੇਜ਼ ਵਹਾਅ ਨਾਲ ਪਾਣੀ ਰਿਹਾਇਸ਼ੀ ਖੇਤਰਾਂ ਅਤੇ ਘਰਾਂ ਵਿੱਚ ਦਾਖ਼ਲ ਹੋ ਗਿਆ।
ਇਲਾਕਾ ਨਿਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਰਿਸਣ ਲੱਗਦਿਆਂ ਹੀ ਕੰਮ ਕਰ ਰਹੀ ਟੀਮ ਮੌਕੇ ਤੋਂ ਫ਼ਰਾਰ ਹੋ ਗਈ। ਲਗਭਗ 3 ਤੋਂ 4 ਘੰਟੇ ਪਾਣੀ ਬਿਨਾਂ ਰੋਕ-ਟੋਕ ਵਹਿੰਦਾ ਰਿਹਾ, ਜਿਸ ਨਾਲ ਘਰਾਂ ਅੰਦਰ ਗੋਡੇ-ਗੋਡੇ ਪਾਣੀ ਭਰ ਗਿਆ ਅਤੇ ਘਰੇਲੂ ਸਾਮਾਨ ਸਮੇਤ ਨੇੜਲੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ। ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਜੇਠੋਵਾਲ ਤੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ, ਪਰ ਜਦੋਂ ਲੋਕਾਂ ਨੇ ਖ਼ੁਦ ਜੇਠੋਵਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਘਟਨਾ ਦੇ ਤਿੰਨ ਘੰਟੇ ਬਾਅਦ ਹੀ ਵਿਭਾਗ ਨੇ ਸੂਚਨਾ ਦਿੱਤੀ ਸੀ।
ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੈਰ-ਹਾਜ਼ਰੀ ਅਤੇ ਮਹਿਜ਼ ਇੱਕ ਜੇਸੀਬੀ ਰਾਹੀਂ ਮਿੱਟੀ ਪਾ ਕੇ ਪਾਣੀ ਰੋਕਣ ਦੀਆਂ ਅਧੂਰੀਆਂ ਕੋਸ਼ਿਸ਼ਾਂ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਗੁੱਸਾ ਹੈ। ਪ੍ਰਭਾਵਿਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਢੁਕਵਾਂ ਮੁਆਵਜ਼ਾ ਦੇਣ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।
Get all latest content delivered to your email a few times a month.