ਤਾਜਾ ਖਬਰਾਂ
ਆਮ ਆਦਮੀ ਪਾਰਟੀ ਅੱਜ ਪੰਜਾਬ ਵਿੱਚ ਆਪਣੀ ਨਵੀਂ ਚੋਣ ਮੁਹਿੰਮ 'ਮਾਨ ਦੇ ਮੁਨਾਫ਼ੇ' ਦਾ ਰਸਮੀ ਆਗਾਜ਼ ਕਰਨ ਜਾ ਰਹੀ ਹੈ। ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਵਿਖੇ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਚੋਣ ਪੈਂਫਲੈਟ ਜਾਰੀ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਬਲਾਕ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਦੇ ਸਾਰੇ ਪ੍ਰਮੁੱਖ 'ਆਪ' ਅਹੁਦੇਦਾਰ ਅਤੇ ਆਗੂ ਮੌਜੂਦ ਰਹਿਣਗੇ।
ਇਸ ਲਾਂਚਿੰਗ ਤੋਂ ਬਾਅਦ ਪਾਰਟੀ ਵੱਲੋਂ 20 ਸਤੰਬਰ ਤੋਂ ਪੂਰੇ ਸੂਬੇ ਵਿੱਚ ਮਹੀਨਾ ਭਰ ਚੱਲਣ ਵਾਲੀ ਵਿਸ਼ਾਲ 'ਡੋਰ-ਟੂ-ਡੋਰ' ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਭਲਕੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਘਰ-ਘਰ ਪ੍ਰਚਾਰ ਅਭਿਆਨ ਦੀ ਆਪ ਕਮਾਨ ਸੰਭਾਲਣਗੇ। ਸੂਬੇ ਦੇ 25,332 ਬੂਥਾਂ 'ਤੇ ਫੈਲੇ ਲਗਭਗ 2.68 ਲੱਖ ਵਰਕਰ ਅਤੇ ਬੂਥ ਆਗੂ ਇਸ ਇੱਕ ਮਹੀਨੇ ਦੀ ਲੰਬੀ ਮੁਹਿੰਮ ਵਿੱਚ ਹਿੱਸਾ ਲੈ ਕੇ ਪਾਰਟੀ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣਗੇ।
ਪਾਰਟੀ ਦਾ ਦਾਅਵਾ ਹੈ ਕਿ 'ਆਪ' ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਉਹ ਕੰਮ ਕਰ ਦਿਖਾਏ ਹਨ ਜੋ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ। ਸਰਕਾਰ ਨੇ ਆਪਣੀ ਹਰੇਕ ਗਾਰੰਟੀ ਨੂੰ ਪੂਰਾ ਕੀਤਾ ਹੈ, ਜਿਸ ਨਾਲ ਹਰੇਕ ਪਰਿਵਾਰ ਨੂੰ ਮਹੀਨੇ ਦਾ ਲਗਭਗ ₹15,000 ਅਤੇ ਸਾਲਾਨਾ ₹1.82 ਲੱਖ ਦਾ ਸਿੱਧਾ ਆਰਥਿਕ ਲਾਭ ਮਿਲ ਰਿਹਾ ਹੈ। ਪਾਰਟੀ ਵਰਕਰ ਹੁਣ ਇਨ੍ਹਾਂ ਯੋਜਨਾਵਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਹੀ ਜਨਤਾ ਤੋਂ ਸਮਰਥਨ ਮੰਗਣਗੇ।
ਦੂਜੇ ਪਾਸੇ, ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਪਿਛਲੀਆਂ ਸਰਕਾਰਾਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਅਦਿਆਂ ਤੋਂ ਮੁੱਕਰਦੀਆਂ ਰਹੀਆਂ, ਜਿਸ ਕਾਰਨ ਪੰਜਾਬ ਲੰਮੇ ਸਮੇਂ ਤੱਕ ਨਸ਼ਿਆਂ ਦੀ ਗ੍ਰਿਫ਼ਤ 'ਚ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਨਸ਼ਿਆਂ ਵਿਰੁੱਧ ਨਿਰਣਾਇਕ ਜੰਗ ਛੇੜੀ ਹੈ। ਇਸ ਤਹਿਤ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਤੋੜ ਕੇ ਉਨ੍ਹਾਂ ਦੇ ਘਰ ਢਾਹੇ ਗਏ ਹਨ ਅਤੇ ਦੋਸ਼ੀਆਂ ਨੂੰ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਧੱਕਿਆ ਗਿਆ ਹੈ।
Get all latest content delivered to your email a few times a month.