IMG-LOGO
ਹੋਮ ਪੰਜਾਬ: ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ...

ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਆਪ

Admin User - Sep 17, 2026 08:22 AM
IMG

ਚੰਡੀਗੜ੍ਹ 17 ਸਤੰਬਰ : ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਪੰਜਾਬ ਵਿੱਚ ਅਮਨ-ਸ਼ਾਂਤੀ ਭੰਗ ਕਰਨ, ਸੰਵਿਧਾਨ ਨੂੰ ਖਤਮ ਕਰਨ ਅਤੇ ਦਲਿਤ ਸਮਾਜ ਵਿਰੁੱਧ ਗੁੰਡਾਗਰਦੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। 'ਆਪ' ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਬੀਜੇਪੀ ਆਪਣੀ  ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।


'ਆਪ' ਨੇਤਾ ਗੁਰਪ੍ਰੀਤ ਸਿੰਘ ਜੀਪੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾੜੀਆਂ ਕਲਾਂ 'ਚ ਬਾਬਾ ਸਾਹਿਬ ਅੰਬੇਡਕਰ ਨਾਲ ਸਬੰਧਤ ਪ੍ਰੋਗਰਾਮ ਦੌਰਾਨ ਵਾਪਰੀ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਬੀਜੇਪੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਉਨ੍ਹਾਂ ਦੇ ਵਰਕਰਾਂ ਵੱਲੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਲੀਡਰ ਹਮੇਸ਼ਾ ਹੀ ਪੰਜਾਬ ਦੇ ਵਿਰੋਧੀ ਰਹੇ ਹਨ ਚਾਹੇ ਉਹ ਤਿੰਨ ਕਾਲੇ ਖੇਤੀ ਕਾਨੂੰਨ ਬਣਾਉਣ ਦੀ ਗੱਲ ਹੋਵੇ ਜਿਸ ਦੇ ਖਿਲਾਫ ਸਾਡੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਤੇ ਧਰਨੇ ਲਾਏ ਜਾਂ ਫਿਰ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਗੱਲ ਹੋਵੇ। ਗੁਰਪ੍ਰੀਤ ਜੀਪੀ ਨੇ ਵਿਜੇ ਸਾਂਪਲਾ ਵੱਲੋਂ ਕੀਤੇ ਗਏ ਇਸ ਕਾਰਨਾਮੇ ਦੀ ਸ਼ਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਅਜਿਹੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।


'ਆਪ' ਨੇਤਾ ਜਸਵੀਰ ਸਿੰਘ ਗੜ੍ਹੀ ਨੇ ਬੀਜੇਪੀ ਦੀ ਗੁੰਡਾਗਰਦੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਹੋਈ ਤੋੜ-ਫੋੜ ਦੇ ਮੁੱਦੇ 'ਤੇ ਬੀਜੇਪੀ ਦੇ ਸਾਬਕਾ ਕੇਂਦਰੀ ਮੰਤਰੀ, ਐਸਸੀ/ਐਸਟੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਦਲਿਤ ਸਮਾਜ ਅਤੇ ਬਸਪਾ ਵਰਕਰਾਂ ਨਾਲ ਜਾ ਕੇ ਗੁੰਡਾਗਰਦੀ ਕੀਤੀ ਹੈ। ਗੜ੍ਹੀ ਨੇ ਕਿਹਾ ਕਿ ਜਿਨ੍ਹਾਂ ਗਰੀਬਾਂ ਅਤੇ ਮਜ਼ਦੂਰਾਂ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਹਨ, ਉਨ੍ਹਾਂ ਉੱਤੇ ਧੱਕੇਸ਼ਾਹੀ ਕਰਨਾ, ਬੀਜੇਪੀ ਜ਼ਿੰਦਾਬਾਦ ਦੇ ਨਾਅਰੇ ਲਾਉਣਾ, ਹੱਥੋਪਾਈ ਹੋਣਾ ਅਤੇ ਦਲਿਤਾਂ ਦੇ ਮਗਰ ਦੌੜ ਕੇ ਗੁੰਡਾਗਰਦੀ ਕਰਨਾ ਬੇਹੱਦ ਨਿੰਦਣਯੋਗ ਹੈ।


ਗੜ੍ਹੀ ਨੇ ਇਤਿਹਾਸਕ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਜੇਪੀ ਰਾਜ ਵਿੱਚ ਹੀ ਤੁਗਲਕਾਬਾਦ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ 600 ਸਾਲ ਪ੍ਰਾਚੀਨ ਮੰਦਰ ਢਹਿ-ਢੇਰੀ ਕੀਤਾ ਗਿਆ, 2018 ਵਿੱਚ ਐਸਸੀ/ਐਸਟੀ ਐਕਟ ਵਿੱਚ ਸੋਧ ਕਰਕੇ ਉਸ ਨੂੰ ਕਮਜ਼ੋਰ ਕੀਤਾ ਗਿਆ, ਗੁਜਰਾਤ ਦੇ ਊਨਾ ਵਿੱਚ 5 ਗਰੀਬ ਦਲਿਤਾਂ 'ਤੇ ਅੱਤਿਆਚਾਰ ਹੋਏ ਅਤੇ ਉੱਤਰਾਖੰਡ ਵਿੱਚ ਰਾਸ਼ਟਰੀ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਮੱਲਿਕਾਰਜੁਨ ਖੜਗੇ ਜੀ ਦੇ ਜਾਣ ਤੋਂ ਬਾਅਦ ਛੂਆ-ਛੂਤ ਦੇ ਚੱਲਦਿਆਂ ਪੰਚਗਵਿਆ ਨਾਲ ਸ਼ੁੱਧੀਕਰਨ ਕੀਤਾ ਗਿਆ। ਉਨ੍ਹਾਂ ਵਿਜੇ ਸਾਂਪਲਾ ਨੂੰ ਸਵਾਲ ਕੀਤਾ ਕਿ ਖੁਦ ਦਲਿਤ ਪਰਿਵਾਰ ਵਿੱਚੋਂ ਹੋ ਕੇ ਉਹ ਬੀਜੇਪੀ ਦੀ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ 2020 ਦੇ ਕਿਸਾਨ ਅੰਦੋਲਨ ਵੇਲੇ ਇਹੀ ਸਾਂਪਲਾ ਜੀ 'ਜੈ ਭੀਮ' ਦੇ ਨਾਅਰੇ ਲਾਉਂਦੇ ਸੀ, ਪਰ ਅੱਜ ਸਾਡੇ ਲਈ 'ਜੈ ਸ਼੍ਰੀ ਰਾਮ' ਅਤੇ 'ਜੈ ਭੀਮ' ਦੋਵੇਂ ਸਾਂਝੇ ਹਨ। ਬੀਜੇਪੀ ਦੀਆਂ ਰਾਜਨੀਤਿਕ ਚਾਲਾਂ ਨੂੰ ਪੰਜਾਬ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਗੜ੍ਹੀ ਨੇ ਪੁੱਛਿਆ ਕਿ 21 ਰਾਜਾਂ 'ਚ ਐਨਡੀਏ ਦੀ ਸਰਕਾਰ ਹੋਣ ਦੇ ਬਾਵਜੂਦ ਬੀਜੇਪੀ ਨੇ ਕਿਸੇ ਇੱਕ ਜਗ੍ਹਾ 'ਤੇ ਵੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਗਰੀਬ ਘਰ ਦੇ ਵਿਅਕਤੀ ਨੂੰ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ? ਉਨ੍ਹਾਂ ਚੇਤਾਵਨੀ ਦਿੱਤੀ ਕਿ ਬੀਜੇਪੀ ਆਪਣੀ ਹੱਦ ਵਿੱਚ ਰਹੇ, ਦਲਿਤਾਂ ਦੇ ਖਿਲਾਫ਼ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਵੇਗੀ।


'ਆਪ' ਨੇਤਾ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਸੰਬੰਧੀ ਭਾਰਤੀ ਜਨਤਾ ਪਾਰਟੀ ਅਤੇ ਕੁੱਝ ਹੋਰ ਪਾਰਟੀਆਂ ਸਿਰਫ਼ ਆਪਣੀ ਸਿਆਸਤ ਚਮਕਾਉਣ ਲਈ ਉੱਥੇ ਗਈਆਂ ਸਨ। ਜਿਵੇਂ ਬੀਜੇਪੀ ਹਿੰਦੀ ਬੈਲਟ 'ਚ ਧਾਰਮਿਕ ਦੰਗੇ ਭੜਕਾ ਕੇ ਅਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਵੋਟਾਂ ਲੈਂਦੀ ਹੈ, ਉਹੀ ਗੇਮ ਪਲੈਨ ਅਤੇ ਡਰਾਮੇਬਾਜ਼ੀ ਹੁਣ ਪੰਜਾਬ ਵਿੱਚ ਵੀ ਵੋਟਾਂ ਹਾਸਲ ਕਰਨ ਲਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਅੰਮ੍ਰਿਤਸਰ ਜਾਂ ਬਾਰੀਆਂ ਕਲਾਂ ਵਿਖੇ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਪਿੱਛੇ ਬੀਜੇਪੀ ਦਾ ਹੀ ਹੱਥ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।


ਟੀਨੂ ਨੇ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਬੀਜੇਪੀ ਅਤੇ ਆਰਐੱਸਐੱਸ ਵੱਲੋਂ ਅਜਿਹੀ ਘਟੀਆ ਸਿਆਸਤ ਕੀਤੀ ਜਾ ਰਹੀ ਹੈ, ਪਰ ਪੰਜਾਬ ਦੇ ਲੋਕ ਸਭ ਸਮਝਦੇ ਹਨ। ਦੂਜੇ ਪਾਸੇ, ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਸਾਰੇ ਵਰਗਾਂ ਲਈ ਵਿਕਾਸ ਕਾਰਜ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਹਰ ਸਰਕਾਰੀ ਦਫ਼ਤਰ ਵਿੱਚ ਲਗਾਈ ਹੈ, ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਕੇ ਪੰਜਾਬ ਨੂੰ ਦੇਸ਼ ਵਿੱਚ ਪਹਿਲੇ ਨੰਬਰ 'ਤੇ ਲਿਆਂਦਾ ਹੈ, ਜੋ ਕਿ ਬਾਬਾ ਸਾਹਿਬ ਦਾ ਅਸਲ ਸੁਪਨਾ ਸੀ। ਟੀਨੂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬੀਜੇਪੀ ਦੀਆਂ ਅਜਿਹੀਆਂ ਚਾਲਾਂ ਵਿੱਚ ਨਾ ਆਉਣ, ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਪੰਜਾਬ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.