ਤਾਜਾ ਖਬਰਾਂ
ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਸਾਧੂ-ਸੰਤਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ। ਇਸ ਕਾਰਨ ਕੌਮੀ ਮਾਰਗ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰਾਮਲੀਲਾ ਕਮੇਟੀਆਂ, ਕੀਰਤਨ ਮੰਡਲੀਆਂ, ਮੰਦਰ ਕਮੇਟੀਆਂ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਆਗੂਆਂ ਨੇ ਦੋਸ਼ ਲਾਇਆ ਕਿ ਬੁੱਚੜਖ਼ਾਨੇ ਵਿੱਚ ਗਊ-ਹੱਤਿਆ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ।
ਨੈਸ਼ਨਲ ਹਾਈਵੇ ’ਤੇ ਜਾਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਡੀਸੀ ਦਫ਼ਤਰ ਪਹੁੰਚੇ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਖ਼ੁਦ ਬਾਹਰ ਆ ਕੇ ਮੰਗ ਪੱਤਰ ਪ੍ਰਾਪਤ ਕਰਨ। ਪੁਲਿਸ ਵੱਲੋਂ ਇੱਕ ਨੁਮਾਇੰਦੇ ਨੂੰ ਅੰਦਰ ਜਾ ਕੇ ਮੰਗ ਪੱਤਰ ਦੇਣ ਦੀ ਗੱਲ ਕਹੀ ਗਈ, ਜਿਸ ’ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਬਹਿਸ ਵੀ ਹੋਈ।
ਡੀਸੀ ਦੇ ਬਾਹਰ ਨਾ ਆਉਣ ’ਤੇ ਕੁਝ ਸੰਤ ਦਫ਼ਤਰ ਦੀਆਂ ਪੌੜੀਆਂ ’ਤੇ ਲੇਟ ਗਏ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਮਾਰਚ ਕਰਦੇ ਹੋਏ ਨੈਸ਼ਨਲ ਹਾਈਵੇ ’ਤੇ ਪਹੁੰਚੇ ਅਤੇ ਧਰਨਾ ਲਗਾ ਦਿੱਤਾ।
ਹਿੰਦੂ ਆਗੂਆਂ ਨੇ ਕਿਹਾ ਕਿ ਜੇਕਰ ਬੁੱਚੜਖ਼ਾਨੇ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਬੁੱਚੜਖ਼ਾਨੇ ਵੱਲ ਕੂਚ ਕਰਨ ਅਤੇ ਵਾਹਨਾਂ ਨੂੰ ਅੱਗ ਲਾਉਣ ਵਰਗੀਆਂ ਸਖ਼ਤ ਚਿਤਾਵਨੀਆਂ ਵੀ ਦਿੱਤੀਆਂ ਗਈਆਂ।
ਉੱਧਰ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵਿਜੇ ਕੁਮਾਰ ਨੇ ਕਿਹਾ ਕਿ ਬੁੱਚੜਖ਼ਾਨੇ ਨੇ ਲਾਇਸੈਂਸ ਹਾਸਲ ਕੀਤਾ ਹੈ, ਪਰ ਕੁਝ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਹਾਲੇ ਪੂਰੀਆਂ ਹੋਣੀਆਂ ਬਾਕੀ ਹਨ। ਉਨ੍ਹਾਂ ਮੁਤਾਬਕ ਉੱਥੇ ਅਜੇ ਸਲਾਟਰਿੰਗ ਦਾ ਕੰਮ ਸ਼ੁਰੂ ਨਹੀਂ ਹੋਇਆ ਅਤੇ ਨਾ ਹੀ ਕੋਈ ਪਸ਼ੂ ਲਿਆਂਦੇ ਜਾਂ ਕੱਟੇ ਗਏ ਹਨ।
ਵਿਭਾਗ ਨੇ ਮਾਮਲੇ ਦੀ ਜਾਂਚ ਲਈ ਟੀਮ ਮੌਕੇ ’ਤੇ ਭੇਜਣ ਦੀ ਗੱਲ ਕਹੀ ਹੈ। ਅਧਿਕਾਰੀ ਮੁਤਾਬਕ ਬੁੱਧਵਾਰ ਸਵੇਰੇ ਸਥਾਨ ਦਾ ਜਾਇਜ਼ਾ ਲੈ ਕੇ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾਵੇਗੀ।
Get all latest content delivered to your email a few times a month.