IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਅਮਰੀਕਾ ਵੱਸਦੇ ਲੇਖਕ ਸ. ਧਰਮ ਸਿੰਘ ਗੋਰਾਇਆ ਦੀ ਪੁਸਤਕ “ਰਾਵੀ...

ਅਮਰੀਕਾ ਵੱਸਦੇ ਲੇਖਕ ਸ. ਧਰਮ ਸਿੰਘ ਗੋਰਾਇਆ ਦੀ ਪੁਸਤਕ “ਰਾਵੀ ਮੇਰੇ ਆਰ ਪਾਰ”ਪ੍ਰੋ.ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋ ਲੋਕ ਅਰਪਣ

Admin User - Sep 15, 2026 02:59 PM
IMG

ਮੈਰੀਲੈਂਡ(ਅਮਰੀਕਾ)ਵਾਸੀ ਧਰਮ ਸਿੰਘ ਗੋਰਾਇਆ ਦੀ ਨਵੀਂ ਵਾਰਤਕ ਪੁਸਤਕ “ ਰਾਵੀ ਮੇਰੇ ਆਰ ਪਾਰ” ਨੂੰ ਅੰਜ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਲੋਕ ਅਰਪਣ ਕਰਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਵੀ ਦਰਿਆ ਦੇ ਕੰਢੇ ਪਿੰਡ ਰਣਸ਼ੀਂਹ ਕੇ ਮੀਰਾ ਦਾ ਜੰਮਪਲ ਸ. ਗੋਰਾਇਆ ਨੇ ਗੁਰਦਾਸਪੁਰ ਤੋਂ ਗਰੈਜੂਏਸ਼ਨ ਕਰਕੇ ਵੱਡੇ ਵੀਰ ਤੇ  ਲੋਕ ਪੱਖੀ ਅਰਥ ਸ਼ਾਸਤਰੀ ਡਾ. ਨਿਰਮਲ ਸਿੰਘ ਆਜ਼ਾਦ ਦੀ ਪ੍ਰੇਰਨਾ ਨਾਲ ਪੰਜਾਬੀ ਯੂਨੀਵਰਸਿਟੀ ਵਿੱਚੋਂ ਪੋਸਟ ਗਰੈਜੂਏਸ਼ਨ ਕਰਨ ਉਪਰੰਤ ਖੋਜੀ ਵਾਰਤਕ ਸਿਰਜਣਾ ਦਾ ਮਾਰਗ ਚੁਣਿਆ ਹੈ। ਇਹ ਸ਼ੁਭ ਸ਼ਗਨ ਹੈ ਕਿ ਰਾਵੀ ਦਰਿਆ, ਇਸ ਨਾਲ ਸਬੰਧਿਤ ਪੰਜਾਬੀ ਲੋਕ ਧਾਰਾ ਅਤੇ ਲੋਕ ਨਾਇਕ ਉਸ ਦੇ ਵਿਸ਼ਲੇਸ਼ਣ ਤੇ ਅਧਿਐਨ ਦਾ ਮਨਪਸੰਦ ਵਿਸ਼ਾ ਬਣੇ ਹਨ। 

ਧਰਮ ਸਿੰਘ ਗੋਰਾਇਆ ਦੀ ਸੱਜਰੀ ਕਿਤਾਬ “ ਰਾਵੀ ਮੇਰੇ ਆਰ ਪਾਰ” ਇੱਕ ਦਮ ਵੇਖਣ ਨੂੰ ਤਾਂ ਏਦਾਂ ਲੱਗਦੀ ਹੈ ਜਿਵੇਂ ਦਰਿਆ ਰਾਵੀ ਦੇ ਵਹਿਣ ਤੇ ਆਲ ਦੁਆਲੇ ਦੇ ਵਸੇਬ ਬਾਰੇ ਹੋਵੇ ਪਰ ਇਹ ਉਸ ਤੋਂ ਕਿਤੇ ਵਡੇਰੀ ਅਜ਼ਮਤ ਵਾਲੀ ਹੈ। 

ਰਾਵੀ ਦੇ ਮੂਲ ਸੋਮੇ ਤੋਂ  ਦਰਿਆ ਝਨਾਂ ਤੇ ਅੱਗੇ ਸਿੰਧ ਦਰਿਆ ਵਿੱਚ ਪੈ ਕੇ ਸਾਗਰ ਤੀਕ ਦੀ ਸੰਪੂਰਨ ਵਾਰਤਾ ਇਸ ਕਿਤਾਬ ਵਿੱਚ ਸ਼ਾਮਲ ਹੈ। 

ਪ੍ਰੋ. ਗਿੱਲ ਨੇ ਕਿਹਾ ਕਿ ਰਾਵੀ ਦਰਿਆ ਦੇ ਦੋਹੀਂ ਪਾਸੀਂ ਵੱਸਦੇ ਸੂਰਬੀਰਾਂ, ਲਿਖਾਰੀਆਂ, ਖਿਡਾਰੀਆਂ ਅਤੇ ਦੇਸ਼ ਭਗਤਾਂ ਦੇ ਗੋਰਾਇਆ ਜੀ ਵੱਲੋਂ ਲਿਖੇ ਜੀਵੰਤ ਵੇਰਵੇ ਸਾਨੂੰ ਬਹੁਤ ਕੁਝ ਸਮਝਾਉਂਦੇ ਹਨ। ਰਾਵੀ ਕੰਢੇ ਕਰਤਾਰਪੁਰ ਸਾਹਿਬ ਵਿੱਚ ਗੁਰੂ ਨਾਨਕ ਪਾਤਿਸ਼ਾਹ ਵੱਲੋਂ ਕਿਰਤ ਦੀ ਵਿਹਾਰਕ ਸਿੱਖਿਆ, ਨਾਮ ਜਪਣ ਦੇ ਨਾਲ ਨਾਲ ਵੰਡ ਛਕਣ ਦੀ ਮਰਯਾਦਾ ਵੀ ਇਸ ਕਿਤਾਬ ਵਿੱਚੋਂ ਜਾਣ ਤੇ ਮਾਣ ਸਕਦੇ ਹਾਂ। ਰਾਵੀ ਉਹ ਦਰਿਆ ਹੈ ਜਿਸ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਿਆ “ਜਪੁ ਜੀ ਸਾਹਿਬ “ ਕੁੱਲ ਜਗਤ ਤੋਂ ਪਹਿਲਾਂ ਸਰਵਣ ਕੀਤਾ। 

ਇਸ ਕਿਤਾਬ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਸ ਕਿਤਾਬ ਤੋਂ ਪਹਿਲਾਂ ਸ, ਧਰਮ ਸਿੰਘ ਗੋਰਾਇਆ “ਬੁਲੰਦ ਹਵੇਲੀ”,”ਗੁਰੀਲਾ ਯੁੱਧ ਕਲਾ ਦੇ ਮੋਢੀ ਚੀ ਗੁਏਰਾ” ਦੀ ਜੀਵਨੀ, “ਅਣਖ਼ੀਲਾ ਧਰਤੀ ਪੁੱਤਰਃ ਦੁੱਲਾ ਭੱਟੀ” “ਰਾਵੀ ਦਾ ਰਾਠਃ ਰਾਏ ਅਹਿਮਦ ਖਾਂ ਖਰਲ”,”ਜੱਗਾ ਸੂਰਮਾ”, “ਲੋਹ ਪੁਰਖ ਮਰਜੀਵੜਾਃ ਤੇਜਾ ਸਿੰਘ ਸੁਤੰਤਰ”ਤੋਂ ਇਲਾਵਾ ਸਵੈ-ਜੀਵਨੀ ਮੂਲਕ ਰਚਨਾ “ਕਰਮਾ “ ਵੀ ਲਿਖ ਚੁੱਕੇ ਹਨ। 

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਸ. ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਇਤਿਹਾਸਕ ਪ੍ਰਸੰਗ ਵਾਲੀ ਸਿਰਜਣਾਤਮਕ ਵਾਰਤਕ ਲਿਖਣ ਵਿੱਚ ਗੋਰਾਇਆ ਜੀ ਨੇ ਨਿਵੇਕਲੀ ਮੁਹਾਰਤ ਹਾਸਲ ਕੀਤੀ ਹੈ। ਵਿਦਿਆਰਥੀ ਕਾਲ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁਨ ਰਰੇ ਹੋਣ ਕਾਰਨ ਉਨ੍ਹਾਂ ਕੋਲ ਸਮਾਜ ਨੂੰ ਸਮਝਣ ਵਾਲਾ  ਸੁਚੇਤ ਤੀਸਰਾ ਨੇਤਰ ਹੈ ਜੋ ਹਮੇਸ਼ਾਂ ਜਾਗਦਾ ਹੈ। ਏਸੇ ਕਰਕੇ ਹੀ ਉਹ ਖਰੇ ਖੋਟੇ ਤੱਥਾਂ ਦੀ ਨਿਰਖ ਪਰਖ ਕਰਨ ਵਿੱਚ ਕਾਮਯਾਬ ਹੈ। 

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ  ਧਰਨ ਸਿੰਘ ਗੋਰਾਇਆ ਪੰਜ ਦਰਿਆਵਾਂ ਦੇ ਪੁੱਤਰਾਂ ਦੀ ਗਾਥਾ ਕਹਿੰਦਾ ਕਹਿੰਦਾ ਹੁਣ ਰਾਵੀ ਦੀ ਜੂਹ ਨੂੰ ਅੰਦਰੋਂ ਬਾਹਰੋਂ ਫੋਲ ਕੇ ਮੁੱਲਵਾਨ ਕਿਰਤ ਲਿਖ ਸਕਿਆ ਹੈ। “ਰਾਵੀ ਮੇਰੇ ਆਰ ਪਾਰ” ਲਿਖ ਕੇ ਉਹ  ਦਰਦ ਦੇ ਦਸਤਾਵੇਜ ਦੇ ਨਾਲ ਨਾਲ ਮੁਹੱਬਤ ਦਾ ਇਕਰਾਰਨਾਮਾ ਵੀ  ਬਣਾ ਸਕਿਆ ਹੈ। 

ਧੰਨਵਾਦ ਦੇ ਸ਼ਬਦ ਬੋਲਦਿਆਂ ਅਮਰੀਕਾ ਤੋਂ ਆਏ ਇਸ ਪੁਸਤਕ ਦੇ ਲੇਖਕ ਸ. ਧਰਮ ਸਿੰਘ ਗੋਰਾਇਆ ਨੇ ਕਿਹਾ ਕਿ ਇਹ ਕਿਤਾਬ ਲਿਖ ਕੇ ਮੈਂ ਰਾਵੀ ਦਰਿਆ ਅਤੇ ਇਸ ਦੇ ਚੌਗਿਰਦੇ ਤੋਂ ਰਿਣ ਮੁਕਤ ਹੋਣਾ ਦੀ ਕੋਸ਼ਿਸ਼ ਕੀਤੀ ਹੈ। ਮੈਂ ਅਮਰੀਕਾ ਵਿੱਚ ਰਹਿੰਦਿਆਂ ਵੀ ਪੰਜਾਬ ਦੇ ਰਾਵੀ ਖ਼ਿੱਤੇ ਦੇ ਕਣ ਕਣ ਤੋਂ ਜਾਣੂੰ ਹਾਂ। ਦੇਸ਼ ਵੰਡ ਨੇ ਭਾਵੇਂ “ਰਾਵੀ” ਨੂੰ ਸਰਹੱਦ ਬਣਾ ਧਰਿਆ ਪਰ ਮੈਂ ਇਸ ਨੂੰ ਦੋ ਵਤਨਾਂ ਦੇ ਆਰ ਪਾਰ ਲੰਘੀ ਬਰਛੀ ਵਾਂਗ ਵੇਖਣ ਕਰਕੇ ਹੀ ਮਹਿਸੂਸ ਕਰਦਾ ਹਾਂ ਕਿ “ਰਾਵੀ ਮੇਰੇ ਆਰ -ਪਾਰ” ਵੱਸਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.