ਤਾਜਾ ਖਬਰਾਂ
ਮਾਝੇ ਦੀ ਸਭ ਤੋਂ ਵੱਡੀ ਭਗਤਾਂਵਾਲਾ ਦਾਣਾ ਮੰਡੀ ਵਿੱਚ ਬਾਸਮਤੀ ਝੋਨੇ ਦੀ ਆਮਦ ਪੂਰੇ ਸ਼ਬਾਬ 'ਤੇ ਪਹੁੰਚ ਚੁੱਕੀ ਹੈ। ਸੀਜ਼ਨ ਦੀ ਸ਼ੁਰੂਆਤ ਦੇ ਮਹਿਜ਼ 20 ਦਿਨਾਂ ਅੰਦਰ ਹੀ ਮੰਡੀ ਵਿੱਚ 20 ਲੱਖ ਤੋਂ ਜ਼ਿਆਦਾ ਬੋਰੀਆਂ ਦੀ ਆਮਦ ਦਰਜ ਕੀਤੀ ਜਾ ਚੁੱਕੀ ਹੈ। ਇਸ ਵਾਰ ਕੁੱਲ ਆਮਦ ਵਿੱਚੋਂ ਲਗਭਗ 80 ਫ਼ੀਸਦੀ ਹਿੱਸਾ '1509 ਬਾਸਮਤੀ' ਦਾ ਹੈ, ਜਿਸ ਦਾ ਬਾਜ਼ਾਰੀ ਭਾਅ 3800 ਤੋਂ 4000 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਚੱਲ ਰਿਹਾ ਹੈ।
ਪਿਛਲੇ ਦੋ ਸੀਜ਼ਨਾਂ ਦੌਰਾਨ ਘੱਟ ਝਾੜ ਅਤੇ ਹੜ੍ਹਾਂ ਦੀ ਮਾਰ ਝੱਲਣ ਵਾਲੇ ਕਿਸਾਨਾਂ ਲਈ ਇਹ ਸੀਜ਼ਨ ਰਾਹਤ ਭਰਿਆ ਸਾਬਤ ਹੋ ਰਿਹਾ ਹੈ। ਇਸ ਵਾਰ ਬਿਹਤਰ ਪੈਦਾਵਾਰ ਅਤੇ ਮੁਨਾਫ਼ੇਯੋਗ ਭਾਅ ਮਿਲਣ ਨਾਲ ਕਿਸਾਨਾਂ ਨੂੰ ਆਪਣੀ ਆਰਥਿਕ ਸਥਿਤੀ ਸੁਧਰਨ ਦੀ ਵੱਡੀ ਉਮੀਦ ਹੈ। ਖੇਤੀ ਮਾਹਿਰਾਂ ਅਨੁਸਾਰ 1509 ਕਿਸਮ ਝੋਨਾ ਮਹਿਜ਼ 95 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਦਾ ਰੁਝਾਨ ਇਸ ਵੱਲ ਵਧਿਆ ਹੈ। ਇਸੇ ਵਜ੍ਹਾ ਕਰਕੇ ਇਸ ਵਾਰ ਇਸ ਦਾ ਰਕਬਾ 50 ਹਜ਼ਾਰ ਹੈਕਟੇਅਰ ਤੱਕ ਵਧਿਆ ਹੈ।
ਬਾਸਮਤੀ ਦੇ ਵਧੇ ਰਕਬੇ ਅਤੇ ਫ਼ਸਲ ਦੀ ਚੰਗੀ ਸਥਿਤੀ ਨੂੰ ਦੇਖਦਿਆਂ ਇਸ ਵਾਰ ਸੂਬੇ ਵਿੱਚ ਕੁੱਲ ਉਤਪਾਦਨ 30 ਤੋਂ 35 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੋ ਕਿ ਪਿਛਲੇ ਸਾਲ ਦੇ 23.09 ਲੱਖ ਮੀਟ੍ਰਿਕ ਟਨ ਨਾਲੋਂ ਕਾਫ਼ੀ ਜ਼ਿਆਦਾ ਹੈ।
ਦੂਜੇ ਪਾਸੇ, ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗਣ ਦੇ ਬਾਵਜੂਦ ਪ੍ਰਸ਼ਾਸਨਿਕ ਇੰਤਜ਼ਾਮ ਅਧੂਰੇ ਨਜ਼ਰ ਆ ਰਹੇ ਹਨ, ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਨਾਲ ਮੰਡੀ ਵਿੱਚ ਆਮਦ ਦਾ ਬੋਝ ਹੋਰ ਵਧਣ ਦੇ ਪੂਰੇ ਆਸਾਰ ਹਨ।
Get all latest content delivered to your email a few times a month.