ਤਾਜਾ ਖਬਰਾਂ
ਬਟਾਲਾ, 14 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਸੁਯੋਗ ਅਗਵਾਈ ਹੇਠ, ਸਕੱਤਰ ਵਿੱਦਿਆ ਇੰਜੀਨੀਅਰ ਸ੍ਰ. ਸੁਖਮਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਹਿਤਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਰੂ ਨਾਨਕ ਕਾਲਜ ਬਟਾਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅਮਰੀਕਾ ਵੱਸਦੀ ਪ੍ਰਸਿੱਧ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਚਰਚਿਤ ਪੁਸਤਕ ‘ਕੋਡ ਬਲੂ’ ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਪੁਸਤਕ ਦੀ ਲੇਖਕ ਪਰਵੇਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਪੁਸਤਕ ਦਾ ਮੁੜ ਪ੍ਰਕਾਸ਼ਿਤ ਹੋਣਾ ਉਸ ਦੀ ਸਾਹਿਤਕ ਪ੍ਰਵਾਨਗੀ ਅਤੇ ਪਾਠਕਾਂ ਨਾਲ ਬਣੇ ਗੂੜ੍ਹੇ ਸੰਵਾਦ ਦਾ ਪ੍ਰਮਾਣ ਹੁੰਦਾ ਹੈ। ਉਨਾਂ ਕਿਹਾ ਪਰਵੇਜ਼ ਸੰਧੂ ਨੇ ਹੁਣ ਤੀਕ ਕੋਡ ਬਲੂ ਤੋਂ ਇਲਾਵਾ ਕਹਾਣੀ ਸੰਗ੍ਰਹਿ ਟਾਹਣੀਆਂ ਟੁੱਟੇ, ਮੁੱਠੀ ਭਰ ਸੁਪਨੇ, ਬਲੌਰੀ ਅੱਖ ਵਾਲਾ ਮੁੰਡਾ,ਅਤੇ ਇੱਕ ਵਾਰਤਕ ਪੁਸਤਕ ਕੰਙਣੀ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ । ਇਸ ਦੀਆਂ ਕਹਾਣੀਆਂ ਦਾ ਕੇਂਦਰੀ ਸਰੋਕਾਰ ਮਨੁੱਖ ਹੈ।
ਇਸ ਮੌਕੇ ਮੁਖੀ ਪੰਜਾਬੀ ਵਿਭਾਗ ਡਾ. ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ‘ਕੋਡ ਬਲੂ’ ਦੀਆਂ ਕਹਾਣੀਆਂ ਵਿੱਚ ਪੇਸ਼ ਮਨੁੱਖੀ ਸੰਵੇਦਨਾ, ਸਮਾਜਿਕ ਸਰੋਕਾਰਾਂ ਅਤੇ ਸਮਕਾਲੀ ਜੀਵਨ ਦੀਆਂ ਜਟਿਲਤਾਵਾਂ ਬਾਰੇ ਹਿਰਦੇ ਵੇਦਨ ਵੇਰਵੇ ਹਨ । ਉਨ੍ਹਾਂ ਕਿਹਾ ਕਿ ਪਰਵੇਜ਼ ਸੰਧੂ ਦੀ ਕਹਾਣੀ-ਕਲਾ ਆਪਣੇ ਵਿਸ਼ੇ, ਬਿਰਤਾਂਤਕ ਜੁਗਤਾਂ ਅਤੇ ਪਾਤਰਾਂ ਦੀ ਮਨੋਵਿਗਿਆਨਕ ਪੇਸ਼ਕਾਰੀ ਕਰਕੇ ਪਾਠਕ ਨੂੰ ਡੂੰਘਾ ਪ੍ਰਭਾਵਿਤ ਕਰਦੀ ਹੈ।
ਇਸ ਮੌਕੇ ਬੋਲਦਿਆਂ ਕਾਲਿਜ ਦੀ ਅਧਿਆਪਕ ਡਾ. ਹਰਮੀਤ ਕੌਰ ਨੇ ਕਿਹਾ ਕਿ ਪਰਵੇਜ਼ ਸੰਧੂ ਦੀ ਕਹਾਣੀ ਕਹੇ ਨਾਲੇ ਅਣਕਹੇ ਦੀ ਜਿਆਦਾ ਕਨਸੋਅ ਦੇਦੀ ਹੈ । ਏਸੇ ਕਰਕੇ ਉਸ ਦੀ ਕਹਾਣੀ ਪਾਠਕਾਂ ਦੀ ਸਿਮਰਤੀ ਵਿਚ ਆਲ੍ਹਣਾ ਪਾ ਲੈਂਦੀ ਹੈ । ਵਿਦਿਆਰਥਣ ਸੁਖਦੀਪ ਕੌਰ ਨੇ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿਚ ਪਰਵੇਜ਼ ਸੰਧੂ ਨੇ ਆਪਣੇ ਨਿੱਜੀ ਦੁੱਖ ਬੜੀ ਸਹਿਜਤਾ ਨਾਲ ਪੇਸ਼ ਕੀਤਾ ਹੈ। ਇਸ ਮੌਕੇ ਪ੍ਰੋ. ਨਵਤੇਜ ਕੌਰ ਬੇਦੀ . ਡਾ. ਮਨਦੀਪ ਕੌਰ, ਪ੍ਰੋ. ਅੰਮ੍ਰਿਤਪਾਲ ਸਿੰਘ, ਪ੍ਰੋ ਸ਼ਾਹਬਾਜ਼ਦੀਪ ਸਿੰਘ, ਪ੍ਰੋ. ਗੁਰਦੀਪ ਕੌਰ ,ਪ੍ਰੋ. ਕੰਵਲਜੀਤ ਕੌਰ, ਪ੍ਰੋ. ਮਨਮੀਤ ਕੌਰ, ਪ੍ਰੋ. ਨਵਦੀਪ ਕੌਰ ਤੌ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਸਮਾਗਮ ਦੇ ਅੰਤ ਵਿੱਚ ਗੁਰੂ ਨਾਨਕ ਕਾਲਜ ਬਟਾਲਾ ਦੇ ਸਟਾਫ ਵੱਲੋਂ ਲੇਖਕਾ ਪਰਵੇਜ਼ ਸੰਧੂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਵਿਦਿਆਰਥੀਆਂ ਲਈ ਕਿਤਾਬਾਂ ਦੇ ਸੈੱਟ ਭੇਂਟ ਕੀਤੇ ਹਨ। ਪਰਵੇਜ਼ ਸੰਧੂ ਦੀ ਸਾਹਿੱਤ ਸਿਰਜਣਾ ਅਤੇ ਸਾਹਿਤ ਦੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ।
Get all latest content delivered to your email a few times a month.