ਤਾਜਾ ਖਬਰਾਂ
ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੇ ਚੰਡੀਗੜ੍ਹ ਏਅਰਪੋਰਟ ਦੇ ਨੇੜੇ ਨਵੀਂ ਆਧੁਨਿਕ ਟਾਊਨਸ਼ਿਪ ਵਿਕਸਿਤ ਕਰਨ ਦੀ ਵੱਡੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਥਾਰਟੀ ਵੱਲੋਂ 'ਏਅਰੋਟ੍ਰੋਪੋਲਿਸ ਐਕਸਟੈਨਸ਼ਨ' ਪ੍ਰਾਜੈਕਟ ਲਈ ਪਿੰਡ ਅਜੀਜਪੁਰ ਦੀ 186.5979 ਏਕੜ ਜ਼ਮੀਨ ਐਕਵਾਇਰ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ ਆਉਂਦੇ ਹੀ ਇਸ ਨਿਸ਼ਾਨਦੇਹੀ ਹੇਠ ਆਉਂਦੇ ਖੇਤਰ ਵਿੱਚ ਜ਼ਮੀਨ ਦੀ ਖਰੀਦ-ਵੇਚ 'ਤੇ ਪੂਰਨ ਰੂਪ ਵਿੱਚ ਰੋਕ ਲਗਾ ਦਿੱਤੀ ਗਈ ਹੈ, ਜਦਕਿ ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ADC) ਨੂੰ ਇਸ ਪੂਰੇ ਪ੍ਰਾਜੈਕਟ ਦਾ ਐਡਮਿਨੀਸਟ੍ਰੇਟਰ ਨਿਯੁਕਤ ਕੀਤਾ ਗਿਆ ਹੈ।
ਏਅਰਪੋਰਟ ਦੇ ਬਿਲਕੁਲ ਨਾਲ ਲੱਗਦਾ ਇਹ ਵਿਸ਼ਾਲ ਪ੍ਰਾਜੈਕਟ ਲਗਭਗ 3700 ਏਕੜ ਰਕਬੇ ਵਿੱਚ ਫੈਲਿਆ ਹੋਵੇਗਾ। ਇਸ ਅਧੀਨ ਰਿਹਾਇਸ਼ੀ, ਵਪਾਰਕ (ਕਮਰਸ਼ੀਅਲ) ਅਤੇ ਸੰਸਥਾਗਤ (ਇੰਸਟੀਚਿਊਸ਼ਨਲ) ਖੇਤਰ ਤਿਆਰ ਕੀਤੇ ਜਾਣਗੇ, ਜਿਸ ਵਿੱਚ E, F, G, H ਅਤੇ J ਸਮੇਤ 6 ਨਵੇਂ ਪਲਾਟਿੰਗ ਪਾਕੇਟ ਬਣਾਏ ਜਾਣਗੇ। ਇਸ ਮੈਗਾ ਟਾਊਨਸ਼ਿਪ ਲਈ ਕੁੱਲ 9 ਪਿੰਡਾਂ—ਬਾਕਰਪੁਰ, ਛੱਤ, ਸਿਆਊਂ, ਮਟੂਰਾਂ, ਕੁਰੜੀ, ਬੜੀ, ਕਿਸ਼ਨਪੁਰਾ, ਪਟੂ ਅਤੇ ਅਜੀਜਪੁਰ—ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਇਸੇ ਸਾਲ ਫਰਵਰੀ 2026 ਵਿੱਚ ਗਮਾਡਾ ਵੱਲੋਂ ਬਨੂੜ ਰੋਡ ਦੇ ਦੋਵੇਂ ਪਾਸੇ 2490 ਏਕੜ ਦੇ ਇੱਕ ਹੋਰ ਵਿਸਤਾਰ ਨੂੰ ਮੰਜ਼ੂਰੀ ਦਿੱਤੀ ਗਈ ਸੀ, ਜੋ ਇਸ ਖੇਤਰ ਨੂੰ ਇੱਕ ਵੱਡੇ ਲੋਜਿਸਟਿਕ ਅਤੇ ਰੈਜ਼ੀਡੈਂਸ਼ੀਅਲ ਹਬ ਵਜੋਂ ਵਿਕਸਿਤ ਕਰੇਗਾ।
ਗਮਾਡਾ ਵੱਲੋਂ ਇਸ ਸਕੀਮ ਅਧੀਨ 100, 150, 200, 300, 400 ਅਤੇ 500 ਵਰਗ ਗਜ਼ ਦੇ ਰਿਹਾਇਸ਼ੀ ਪਲਾਟ ਕੱਢੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਅਧਿਕਾਰਤ ਰੇਟ ਹਜੇ ਤੈਅ ਨਹੀਂ ਹੋਏ ਹਨ, ਪਰ ਬਾਜ਼ਾਰੀ ਮਾਹਰਾਂ ਅਨੁਸਾਰ ਇਨ੍ਹਾਂ ਦੀ ਕੀਮਤ 50 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਤੋਂ ਵੱਧ ਰਹਿ ਸਕਦੀ ਹੈ। ਲੋਕਾਂ ਦੀ ਸਹੂਲਤ ਲਈ ਗਮਾਡਾ ਵੱਖ-ਵੱਖ ਬੈਂਕਾਂ ਨਾਲ ਟਾਈ-ਅੱਪ ਵੀ ਕਰ ਰਿਹਾ ਹੈ ਤਾਂ ਜੋ ਆਵੇਦਨ ਕਰਨ ਤੋਂ ਲੈ ਕੇ ਹੋਮ ਲੋਨ ਲੈਣ ਤੱਕ ਦੀ ਪ੍ਰਕਿਰਿਆ ਆਸਾਨ ਹੋ ਸਕੇ। ਇਹ ਸਕੀਮ ਇਸੇ ਸਾਲ ਦੇ ਅਖੀਰ ਜਾਂ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਕੀਤੀ ਜਾ ਸਕਦੀ ਹੈ।
ਸਰਕਾਰੀ ਪ੍ਰਾਜੈਕਟ ਹੋਣ ਕਾਰਨ ਨਿਵੇਸ਼ਕਾਂ ਲਈ ਇਹ ਨਿਜੀ ਬਿਲਡਰਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਅਤੇ ਧੋਖਾਦੇਹੀ ਮੁਕਤ ਵਿਕਲਪ ਸਾਬਤ ਹੋਵੇਗਾ। ਗਮਾਡਾ ਅਨੁਸਾਰ ਪਲਾਟ ਅਲਾਟ ਹੋਣ ਤੋਂ ਬਾਅਦ ਵਿਕਾਸ ਕਾਰਜਾਂ ਦੀ ਇੱਕ ਸੀਮਾ ਤੈਅ ਕੀਤੀ ਜਾਵੇਗੀ ਅਤੇ ਜੇਕਰ ਨਿਸ਼ਚਿਤ ਸਮੇਂ ਅੰਦਰ ਵਿਕਾਸ ਨਾ ਹੋਇਆ ਤਾਂ ਅਲਾਟੀਆਂ ਨੂੰ ਨਿਯਮਾਂ ਅਨੁਸਾਰ ਬਦਲੇ ਵਿੱਚ ਮੁਆਵਜ਼ਾ ਮਿਲੇਗਾ। ਸੜਕਾਂ, ਬਿਜਲੀ, ਪਾਰਕ, ਪੀਣ ਵਾਲਾ ਪਾਣੀ ਅਤੇ ਸੀਵਰੇਜ ਵਰਗੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਗਮਾਡਾ ਵੱਲੋਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਪਲਾਟਾਂ ਦੀ ਵੰਡ ਲੱਕੀ ਡਰਾਅ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ।
Get all latest content delivered to your email a few times a month.