ਤਾਜਾ ਖਬਰਾਂ
ਭਾਰਤ-ਪਾਕਿ ਸਰਹੱਦ ਦੇ ਨੇੜਲੇ ਪਿੰਡ ਭੱਗੂਪੁਰ ਛੰਨਾ ਵਿਖੇ ਪਿਤਾ-ਪੁਰਖੀ ਜ਼ਮੀਨ ਦੇ ਰਸਤੇ (ਪਹੇ) ਨੂੰ ਲੈ ਕੇ ਹੋਇਆ ਵਿਵਾਦ ਇੰਨਾ ਭੜਕ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਗੋਲੀਬਾਰੀ ਹੋਈ। ਇਸ ਖੂਨੀ ਝੜਪ ਵਿੱਚ ਦੋਵਾਂ ਪਾਸਿਆਂ ਦੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਘਰਾਂ ਅਤੇ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਪਿੰਡ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਅਨੁਸਾਰ, ਸੁਬੇਗ ਸਿੰਘ, ਲੱਖਾ ਸਿੰਘ, ਜਿੰਦਰ ਸਿੰਘ, ਗੋਰੂ, ਕਾਲੂ, ਘੁੱਲਾਂ ਸਿੰਘ ਅਤੇ ਭੱਟੋ ਸਿੰਘ ਨੇ ਕਰੀਬ 40-50 ਅਣਪਛਾਤੇ ਹਥਿਆਰਬੰਦ ਗੁੰਡਿਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ 'ਤੇ 315 ਬੋਰ ਦੀਆਂ ਰਾਈਫਲਾਂ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਘਰ 'ਚ ਮੌਜੂਦ ਔਰਤਾਂ ਨੇ ਬੜੀ ਮੁਸ਼ਕਿਲ ਨਾਲ ਲੁਕ ਕੇ ਆਪਣੀ ਜਾਨ ਬਚਾਈ। ਹਮਲਾਵਰਾਂ ਨੇ ਟ੍ਰੈਕਟਰਾਂ ਦੇ ਟਾਇਰ ਪਾੜ ਦਿੱਤੇ ਅਤੇ ਘਰ ਦੀ ਭੰਨਤੋੜ ਕੀਤੀ। ਇਸ ਗੋਲੀਬਾਰੀ 'ਚ ਉਨ੍ਹਾਂ ਦਾ ਭਤੀਜਾ ਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਲੋਪੋਕੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ।
ਦੂਜੇ ਪਾਸੇ, ਸੁਬੇਗ ਸਿੰਘ ਅਤੇ ਲੱਖਾ ਸਿੰਘ ਦੇ ਧੜੇ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਦੀ ਧਿਰ ਨੇ ਉਨ੍ਹਾਂ ਦਾ ਪੁਰਾਣਾ ਰਸਤਾ ਜ਼ਬਰਦਸਤੀ ਵਾਹ ਦਿੱਤਾ ਸੀ ਅਤੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ 'ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ 3 ਤੋਂ 4 ਮੈਂਬਰ ਜ਼ਖ਼ਮੀ ਹੋਏ ਹਨ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਡੀਐਸਪੀ ਜਗਬੀਰ ਸਿੰਘ ਔਲਖ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ। ਡੀਐਸਪੀ ਔਲਖ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੋਲੀਬਾਰੀ ਦੋਵਾਂ ਧਿਰਾਂ ਵੱਲੋਂ ਕੀਤੀ ਗਈ ਸੀ। ਫਿਲਹਾਲ ਕਿਸੇ ਵੀ ਧਿਰ ਵਲੋਂ ਅਧਿਕਾਰਤ ਬਿਆਨ ਦਰਜ ਨਹੀਂ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.