ਤਾਜਾ ਖਬਰਾਂ
ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮਾਮਲੇ ਵਿੱਚ ਇੱਕ ਨਵਾਂ ਕਾਨੂੰਨੀ ਮੋੜ ਆ ਗਿਆ ਹੈ। ਲਾਹੌਰ ਹਾਈ ਕੋਰਟ ਨੇ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਨੂੰ ਉਸ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਵੱਲੋਂ ਦਾਇਰ ਪਟੀਸ਼ਨ 'ਤੇ ਨੋਟਿਸ ਜਾਰੀ ਕਰਦਿਆਂ 16 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਸਾਇਮਾ ਹੁਸੈਨ ਨੇ ਆਪਣੇ ਵਕੀਲ ਅਲੀ ਚੰਗੇਜ਼ੀ ਸੰਧੂ ਰਾਹੀਂ ਅਦਾਲਤ 'ਚ ਗੁਹਾਰ ਲਗਾਈ ਹੈ ਕਿ ਨਾਸਿਰ ਨੇ ਮੁਸਲਿਮ ਪਰਿਵਾਰਕ ਕਾਨੂੰਨ ਆਰਡੀਨੈਂਸ 1961 ਦੀ ਧਾਰਾ 6 ਦੀ ਉਲੰਘਣਾ ਕਰਦਿਆਂ ਉਸ ਦੀ ਸਹਿਮਤੀ ਅਤੇ ਆਰਬਿਟਰੇਸ਼ਨ ਕੌਂਸਲ ਦੀ ਮੰਜ਼ੂਰੀ ਤੋਂ ਬਿਨਾਂ ਇਹ ਦੂਜਾ ਵਿਆਹ ਕੀਤਾ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬੀਤੇ 10 ਮਹੀਨਿਆਂ ਤੋਂ ਨਾਸਿਰ ਨੇ ਆਪਣੇ ਚਾਰ ਬੱਚਿਆਂ ਅਤੇ ਪਹਿਲੀ ਪਤਨੀ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਗੁਜ਼ਾਰਾ ਭੱਤਾ ਜਾਂ ਹੱਕ-ਮੇਹਰ ਦੀ ਰਕਮ ਅਦਾ ਕੀਤੀ ਹੈ। ਇਸ ਤੋਂ ਇਲਾਵਾ ਸਾਇਮਾ ਨੇ ਸਰਬਜੀਤ ਅਤੇ ਨਾਸਿਰ 'ਤੇ ਉਸ ਦੇ ਘਰ 'ਤੇ ਕਬਜ਼ਾ ਕਰਕੇ ਬੱਚਿਆਂ ਸਮੇਤ ਬਾਹਰ ਕੱਢਣ ਦਾ ਦੋਸ਼ ਲਾਉਂਦਿਆਂ ਰਿਹਾਇਸ਼ ਅਤੇ ਖ਼ਰਚੇ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਵਕੀਲ ਅਲੀ ਚੰਗੇਜ਼ੀ ਸੰਧੂ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨੈਲ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਘੱਟ ਗਿਣਤੀ ਮੰਤਰੀ ਮਹਿੰਦਰ ਪਾਲ ਸਿੰਘ ਦੇ ਕੇਸ ਵੀ ਲੜ ਰਹੇ ਹਨ, ਜਿਨ੍ਹਾਂ ਵੱਲੋਂ ਸਰਬਜੀਤ ਕੌਰ ਨੂੰ ਪਾਕਿਸਤਾਨ ਤੋਂ ਡਿਪੋਰਟ (ਦੇਸ਼ ਨਿਕਾਲਾ) ਕਰਨ ਦੀ ਮੰਗ ਵਾਲੀ ਅਰਜ਼ੀ ਪਹਿਲਾਂ ਹੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਕਾਨੂੰਨੀ ਮਾਹਿਰਾਂ ਮੁਤਾਬਕ ਪਾਕਿਸਤਾਨੀ ਕਾਨੂੰਨ ਤਹਿਤ ਪਹਿਲੀ ਪਤਨੀ ਦੀ ਇਜਾਜ਼ਤ ਤੋਂ ਬਿਨਾਂ ਕੀਤਾ ਗਿਆ ਦੂਜਾ ਵਿਆਹ ਗ਼ੈਰ-ਕਾਨੂੰਨੀ ਹੈ, ਜਿਸ ਵਿੱਚ ਦੋਸ਼ੀ ਨੂੰ ਇੱਕ ਸਾਲ ਦੀ ਕੈਦ ਅਤੇ 5 ਲੱਖ ਪਾਕਿਸਤਾਨੀ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
Get all latest content delivered to your email a few times a month.