ਤਾਜਾ ਖਬਰਾਂ
ਪੰਜਾਬ ਅੰਦਰ ਬਿਜਲੀ ਦਾ ਸੰਕਟ ਲਗਾਤਾਰ ਵਿਕਰਾਲ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜਿਸ ਕਾਰਨ ਆਮ ਜਨਜੀਵਨ ਅਤੇ ਉਦਯੋਗਿਕ ਖੇਤਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸ਼ੁੱਕਰਵਾਰ ਨੂੰ ਸੂਬੇ 'ਚ ਬਿਜਲੀ ਦੀ ਮੰਗ 16,619 ਮੈਗਾਵਾਟ ਦੇ ਰਿਕਾਰਡ ਪੱਧਰ 'ਤੇ ਅੱਪੜ ਗਈ, ਜਦਕਿ ਪਾਵਰਕੌਮ ਆਪਣੇ ਸਰੋਤਾਂ ਤੋਂ ਮਹਿਜ਼ 4,162 ਮੈਗਾਵਾਟ ਬਿਜਲੀ ਹੀ ਪੈਦਾ ਕਰ ਸਕਿਆ ਅਤੇ ਬਾਕੀ 11,747 ਮੈਗਾਵਾਟ ਬਿਜਲੀ ਉੱਤਰੀ ਗਰਿੱਡ ਤੋਂ ਲੈ ਕੇ ਸਪਲਾਈ ਚਲਾਉਣੀ ਪਈ।
ਇਸ ਭਾਰੀ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਬੁਲਾਰੇ ਹਰਜੀਤ ਸਿੰਘ ਨੇ ਦੋਸ਼ ਲਾਇਆ ਕਿ ਇਹ ਕੋਈ ਕੁਦਰਤੀ ਸੰਕਟ ਨਹੀਂ ਸਗੋਂ ਸਰਕਾਰ ਦੀ ਅਣਗਹਿਲੀ ਅਤੇ ਪ੍ਰਬੰਧਕੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਥਰਮਲ ਪਲਾਂਟਾਂ ਨੂੰ ਚਲਾਉਣ ਦੀ ਬਜਾਏ ਨਿੱਜੀ ਕੰਪਨੀਆਂ ਤੋਂ 8 ਤੋਂ 11 ਰੁਪਏ ਪ੍ਰਤੀ ਯੂਨਿਟ ਮਹਿੰਗੀ ਬਿਜਲੀ ਖ਼ਰੀਦ ਕੇ ਖ਼ਜ਼ਾਨੇ ਲੁੱਟਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਧਿਆਨ ਬੁਨਿਆਦੀ ਸੁਧਾਰਾਂ ਦੀ ਥਾਂ ਸਿਰਫ਼ ਇਸ਼ਤਿਹਾਰਬਾਜ਼ੀ 'ਤੇ ਹੈ।
ਦੂਜੇ ਪਾਸੇ, ਤਕਨੀਕੀ ਖ਼ਰਾਬੀਆਂ ਅਤੇ ਕੋਲੇ ਦੀ ਘਾਟ ਕਾਰਨ ਪਲਾਂਟਾਂ ਦੀਆਂ ਕਈ ਇਕਾਈਆਂ ਠੱਪ ਪਈਆਂ ਹਨ। ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਹੋ ਚੁੱਕੇ ਹਨ ਅਤੇ ਇਸ ਕੋਲ ਸਿਰਫ਼ 3 ਦਿਨਾਂ ਦਾ ਕੋਲਾ ਬਚਿਆ ਹੈ, ਜਦਕਿ ਤਲਵੰਡੀ ਸਾਬੋ ਕੋਲ 7 ਦਿਨਾਂ ਦਾ ਸਟਾਕ ਹੈ। ਹਾਲਾਂਕਿ ਸਰਕਾਰੀ ਪਲਾਂਟਾਂ ਲਹਿਰਾ ਮੁਹੱਬਤ (12 ਦਿਨ), ਗੋਇੰਦਵਾਲ (32 ਦਿਨ) ਅਤੇ ਰੋਪੜ (66 ਦਿਨ) ਕੋਲ ਭੰਡਾਰ ਸੁਖਾਵਾਂ ਹੈ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਨੁਸਾਰ ਕੇਂਦਰ ਵੱਲੋਂ ਲੋੜੀਂਦਾ ਕੋਲਾ ਨਾ ਮਿਲਣ ਕਰਕੇ ਨਿੱਜੀ ਪਲਾਂਟ ਅੱਧੀ ਸਮਰੱਥਾ 'ਤੇ ਚੱਲ ਰਹੇ ਹਨ।
ਬਿਜਲੀ ਦੀ ਘਾਟ ਕਾਰਨ ਜਨਤਾ ਦਾ ਗੁੱਸਾ ਹੁਣ ਸੜਕਾਂ 'ਤੇ ਫੁੱਟ ਰਿਹਾ ਹੈ। ਜਲੰਧਰ ਦੇ ਉਦਯੋਗਿਕ ਖੇਤਰ ਵਿੱਚ 10 ਤੋਂ 11 ਘੰਟੇ ਦੇ ਲਗਾਤਾਰ ਕੱਟਾਂ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਤੰਗ ਆ ਕੇ ਵਸਨੀਕਾਂ ਤੇ ਕਾਰੋਬਾਰੀਆਂ ਨੇ ਸੋਢਲ ਚੌਕ ਵਿਖੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਮੁਫ਼ਤ ਬਿਜਲੀ ਦੇ ਦਾਅਵੇ ਛੱਡ ਕੇ 24 ਘੰਟੇ ਨਿਰਵਿਘਨ ਸਪਲਾਈ ਯਕੀਨੀ ਬਣਾਏ, ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Get all latest content delivered to your email a few times a month.