IMG-LOGO
ਹੋਮ ਪੰਜਾਬ: ਪੰਜਾਬ ਪੁਲਿਸ ਦੀ ਵੱਡੀ ਅੰਤਰਰਾਸ਼ਟਰੀ ਕਾਰਵਾਈ: ਯੂਰਪੀ ਦੇਸ਼ ਮੋਲਦੋਵਾ ਤੋਂ...

ਪੰਜਾਬ ਪੁਲਿਸ ਦੀ ਵੱਡੀ ਅੰਤਰਰਾਸ਼ਟਰੀ ਕਾਰਵਾਈ: ਯੂਰਪੀ ਦੇਸ਼ ਮੋਲਦੋਵਾ ਤੋਂ ਗੈਂਗਸਟਰ ਅੰਮ੍ਰਿਤ ਦਾਲਮ ਭਾਰਤ ਡਿਪੋਰਟ

Admin User - Sep 12, 2026 11:01 AM
IMG

ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਇੱਕ ਵੱਡੀ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਕੇਂਦਰ ਸਰਕਾਰ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਸਹਿਯੋਗ ਨਾਲ, ਜੱਗੂ ਭਗਵਾਨਪੁਰੀਆ ਗੈਂਗ ਦੇ ਸਰਗਰਮ ਮੈਂਬਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਪੂਰਬੀ ਯੂਰਪੀ ਦੇਸ਼ ਮੋਲਦੋਵਾ ਤੋਂ ਸਫ਼ਲਤਾਪੂਰਵਕ ਭਾਰਤ ਲਿਆਂਦਾ ਗਿਆ ਹੈ। ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼, UAPA, ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਵਰਗੇ ਕਈ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਇਸ ਭਗੌੜੇ ਖ਼ਿਲਾਫ਼ ਪੰਜਾਬ ਪੁਲਿਸ ਨੇ 'ਆਪਰੇਸ਼ਨ ਈਸਟਰਨ ਰੀਚ' ਚਲਾਇਆ ਸੀ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਵੱਡੇ ਅਪਰਾਧੀ ਨੂੰ ਕਿਸੇ ਯੂਰਪੀ ਮੁਲਕ ਤੋਂ ਹਵਾਲਗੀ ਰਾਹੀਂ ਵਾਪਸ ਲਿਆਂਦਾ ਗਿਆ ਹੈ। ਇਹ ਆਪਰੇਸ਼ਨ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਓਵਰਸੀਜ਼ ਫੁਜੀਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਦੁਆਰਾ ਚਲਾਏ ਗਏ 6 ਮਹੀਨੇ ਲੰਮੇ ਗੁਪਤ ਅਭਿਆਨ ਦਾ ਨਤੀਜਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਕਰਵਾਏ ਗਏ ਇੰਟਰਪੋਲ ਦੇ 'ਰੈੱਡ ਨੋਟਿਸ' ਦੇ ਆਧਾਰ 'ਤੇ ਹੀ ਅੰਮ੍ਰਿਤ ਦਾਲਮ ਨੂੰ ਇਸੇ ਸਾਲ 7 ਮਾਰਚ ਨੂੰ ਮੋਲਦੋਵਾ ਸਰਹੱਦ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਸ ਨੂੰ ਪੰਜਾਬ ਲਿਆਂਦਾ ਗਿਆ ਹੈ।


ਇਸ ਵੱਡੀ ਸਫ਼ਲਤਾ 'ਤੇ ਡੀਜੀਪੀ ਨੇ AGTF ਅਤੇ OFTEC ਦੀਆਂ ਟੀਮਾਂ ਦੀ ਪਿੱਠ ਥਾਪੜੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਸਹਿਯੋਗ ਲਈ ਮੋਲਦੋਵਾ ਤੇ ਅਜ਼ਰਬਾਈਜਾਨ ਦੇ ਅਧਿਕਾਰੀਆਂ, CBI, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਪੰਜਾਬ ਪੁਲਿਸ ਵਚਨਬੱਧ ਹੈ, ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਲੁਕੇ ਹੋਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.