ਤਾਜਾ ਖਬਰਾਂ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਮੰਡੀ-ਮਨਾਲੀ ਦਰਮਿਆਨ ਪੰਡੋਹ-ਟਾਕੋਲੀ ਸੈਕਸ਼ਨ ਵਿੱਚ 2.8 ਕਿਲੋਮੀਟਰ ਲੰਬੀ ਡਿਓਧ ਸੁਰੰਗ ਅਤੇ 650 ਮੀਟਰ ਲੰਬੀ ਹਨੋਗੀ ਸੁਰੰਗ ਤਿਆਰ ਕੀਤੀ ਗਈ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀ ਇਨ੍ਹਾਂ ਸੁਰੰਗਾਂ ਦੇ ਖੁੱਲ੍ਹਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਲਗਭਗ 5.5 ਕਿਲੋਮੀਟਰ ਦੇ ਅਜਿਹੇ ਹਿੱਸੇ ਨੂੰ ਬਾਈਪਾਸ ਕੀਤਾ ਜਾ ਸਕੇਗਾ, ਜਿੱਥੇ ਅਕਸਰ ਭੂ-ਖਿਸਕਣ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਰਹਿੰਦੀ ਸੀ। ਸਫ਼ਰ ਦੀ ਦੂਰੀ ਵੀ ਲਗਭਗ 6 ਕਿਲੋਮੀਟਰ ਤੋਂ ਘਟ ਕੇ 3.5 ਕਿਲੋਮੀਟਰ ਰਹਿ ਜਾਵੇਗੀ। ਇਸ ਦੇ ਨਾਲ ਹੀ ਜੋਗਨੀ ਮਾਤਾ ਮੰਦਰ, ਡਿਓਧ ਅਤੇ ਹਨੋਗੀ ਇਲਾਕਿਆਂ ਵਿੱਚ ਲੱਗਣ ਵਾਲੇ ਲੰਬੇ ਜਾਮ ਤੋਂ ਵੀ ਰਾਹਤ ਮਿਲਣ ਦੀ ਉਮੀਦ ਹੈ।
ਸੁਰੰਗਾਂ ਦੇ ਚਾਲੂ ਹੋਣ ਨਾਲ ਮੰਡੀ ਤੋਂ ਕੁੱਲੂ ਤੱਕ ਦਾ ਸਫ਼ਰ ਵੀ ਤੇਜ਼ ਹੋਵੇਗਾ ਅਤੇ ਯਾਤਰਾ ਦਾ ਸਮਾਂ ਲਗਭਗ ਦੋ ਘੰਟਿਆਂ ਤੋਂ ਘਟ ਕੇ ਇੱਕ ਘੰਟੇ ਦੇ ਕਰੀਬ ਰਹਿ ਜਾਣ ਦੀ ਉਮੀਦ ਹੈ। ਸੈਰ-ਸਪਾਟਾ ਸੀਜ਼ਨ ਦੌਰਾਨ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਤੋਂ ਮਨਾਲੀ ਜਾਣ ਵਾਲੇ ਹਜ਼ਾਰਾਂ ਸੈਲਾਨੀਆਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ।
ਡਿਓਧ ਅਤੇ ਹਨੋਗੀ ਸੁਰੰਗਾਂ ਨੂੰ ਖੋਟੀ ਨਾਲਾ ਨੇੜੇ ਕਰੀਬ 140 ਮੀਟਰ ਲੰਬੇ ਅਤੇ 45 ਮੀਟਰ ਉੱਚੇ ਪੁਲ ਰਾਹੀਂ ਜੋੜਿਆ ਗਿਆ ਹੈ। ਦੋਵਾਂ ਸੁਰੰਗਾਂ ਵਿੱਚ CCTV ਨਿਗਰਾਨੀ, ਹਵਾਦਾਰੀ ਪ੍ਰਣਾਲੀ ਅਤੇ ਐਮਰਜੈਂਸੀ ਨਿਕਾਸ ਵਰਗੀਆਂ ਸੁਰੱਖਿਆ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ NHAI ਵੱਲੋਂ ਸੁਰੱਖਿਆ ਜਾਂਚ ਅਤੇ ਟ੍ਰਾਇਲ ਰਨ ਵੀ ਕੀਤੀ ਗਈ।
ਇਹ ਸੁਰੰਗਾਂ ਲਗਭਗ 18.9 ਕਿਲੋਮੀਟਰ ਲੰਬੇ ਪੰਡੋਹ ਬਾਈਪਾਸ-ਟਾਕੋਲੀ ਫੋਰ-ਲੇਨ ਪ੍ਰੋਜੈਕਟ ਦਾ ਹਿੱਸਾ ਹਨ। ਕਰੀਬ 4,465.94 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਹਾਈਬ੍ਰਿਡ ਐਨੁਇਟੀ ਮਾਡਲ ਤਹਿਤ ਤਿਆਰ ਕੀਤਾ ਜਾ ਰਿਹਾ ਹੈ।
ਕੀਰਤਪੁਰ-ਮਨਾਲੀ ਫੋਰ-ਲੇਨ ਹਾਈਵੇਅ ਮਨਾਲੀ, ਅਟਲ ਟਨਲ, ਰੋਹਤਾਂਗ, ਮਣੀਕਰਨ, ਸ਼ਿੰਕੂ ਲਾ, ਕੇਲੋਂਗ ਅਤੇ ਲੇਹ-ਲੱਦਾਖ ਵੱਲ ਜਾਣ ਵਾਲੇ ਸੈਲਾਨੀਆਂ ਲਈ ਮਹੱਤਵਪੂਰਨ ਰੂਟ ਹੈ। ਇਸ ਲਈ ਇਨ੍ਹਾਂ ਦੋਵਾਂ ਸੁਰੰਗਾਂ ਦੇ ਖੁੱਲ੍ਹਣ ਨਾਲ ਸੈਰ-ਸਪਾਟੇ ਦੇ ਨਾਲ-ਨਾਲ ਇਸ ਰੂਟ 'ਤੇ ਆਵਾਜਾਈ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।
Get all latest content delivered to your email a few times a month.