ਤਾਜਾ ਖਬਰਾਂ
ਕੈਨੇਡਾ ਦੇ ਓਟਾਵਾ ਸ਼ਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ 20 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਫੈਲੋਫੀਲਡ ਰੋਡ 'ਤੇ ਓਲਡ ਰਿਚਮੰਡ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਵਿੱਚ ਝੁਲਸਣ ਕਾਰਨ ਨੌਜਵਾਨ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਟਾਂਡਾ (ਪੰਜਾਬ) ਦੇ ਰਹਿਣ ਵਾਲੇ ਬ੍ਰਹਮਜੋਤ ਸਿੰਘ ਵਜੋਂ ਹੋਈ ਹੈ, ਜੋ ਕਰੀਬ ਦੋ ਸਾਲ ਪਹਿਲਾਂ ਹੀ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਿਆ ਸੀ।
ਇਹ ਹਾਦਸਾ ਬੁੱਧਵਾਰ ਦੇਰ ਰਾਤ ਕਰੀਬ ਇੱਕ ਵਜੇ ਵਾਪਰਿਆ, ਜਦੋਂ ਬ੍ਰਹਮਜੋਤ ਆਪਣੀ ਹੋਂਡਾ ਸੀ.ਆਰ.-ਵੀ. ਕਾਰ ਵਿੱਚ ਜਾ ਰਿਹਾ ਸੀ ਅਤੇ ਸਾਹਮਣਿਓਂ ਆ ਰਹੀ ਇੱਕ ਕੀਆ ਸੋਰੈਂਟੋ ਕਾਰ ਨਾਲ ਉਸ ਦੀ ਭਿੜੰਤ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਉੱਛਲ ਕੇ ਇੱਕ-ਦੂਜੇ ਤੋਂ ਲਗਭਗ 25 ਫੁੱਟ ਦੂਰ ਜਾ ਡਿੱਗੀਆਂ ਅਤੇ ਦੇਖਦੇ ਹੀ ਦੇਖਦੇ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਗੰਭੀਰ ਜ਼ਖ਼ਮੀ ਹੋਣ ਕਾਰਨ ਬ੍ਰਹਮਜੋਤ ਕਾਰ 'ਚੋਂ ਬਾਹਰ ਨਹੀਂ ਨਿਕਲ ਸਕਿਆ, ਜਦਕਿ ਦੂਜੀ ਕਾਰ ਦੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਫਾਇਰ ਸਰਵਿਸਿਜ਼ ਦੀਆਂ ਟੀਮਾਂ ਨੇ ਜਦੋਂ ਅੱਗ 'ਤੇ ਕਾਬੂ ਪਾਇਆ ਤਾਂ ਕਾਰ ਦੀ ਅਗਲੀ ਸੀਟ 'ਤੇ ਬ੍ਰਹਮਜੋਤ ਦੀ ਦੇਹ ਮਿਲੀ, ਜਿਸ ਨੂੰ ਪੈਰਾਮੈਡਿਕਸ ਵੱਲੋਂ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੂਜੀ ਕਾਰ ਦੇ ਚਾਲਕ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.