ਤਾਜਾ ਖਬਰਾਂ
ਯੂ.ਟੀ. ਚੰਡੀਗੜ੍ਹ ਦੀ ਸਟੇਟ ਟਰਾਂਸਪੋਰਟ ਅਥਾਰਟੀ (STA) ਨੇ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕੈਬ ਐਗਰੀਗੇਟਰ ਕੰਪਨੀਆਂ 'ਊਬਰ' (Uber) ਅਤੇ 'ਰੈਪਿਡੋ' (Rapido) ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ 6 ਮਹੀਨਿਆਂ ਲਈ ਸਸਪੈਂਡ ਕਰ ਦਿੱਤੇ ਹਨ। ਇਹ ਫ਼ੈਸਲਾ ਅਥਾਰਟੀ ਦੇ ਸਕੱਤਰ ਅਤੇ ਲਾਇਸੈਂਸਿੰਗ ਅਥਾਰਟੀ ਨੀਤੀਸ਼ ਸਿੰਗਲਾ (PCS) ਵੱਲੋਂ 'ਚੰਡੀਗੜ੍ਹ ਮੋਟਰ ਵ੍ਹੀਕਲਜ਼ ਐਗਰੀਗੇਟਰਜ਼ ਰੂਲਜ਼, 2025' ਦੀ ਧਾਰਾ 17 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ 'ਓਲਾ' (Ola) ਅਤੇ 'ਇਨਡ੍ਰਾਈਵ' (inDrive) 'ਤੇ ਵੀ ਅਜਿਹੀ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ।
ਅਥਾਰਟੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਕੰਪਨੀਆਂ ਖ਼ਿਲਾਫ਼ ਕੈਬ ਡਰਾਈਵਰਾਂ ਨੂੰ ਹੈਲਥ ਤੇ ਟਰਮ ਇੰਸ਼ੋਰੈਂਸ ਨਾ ਦੇਣ, ਡਰਾਈਵਰ ਟ੍ਰੇਨਿੰਗ ਦੀ ਘਾਟ ਅਤੇ ਨਿਰਧਾਰਤ ਕਿਰਾਏ ਤੋਂ ਵੱਧ ਵਸੂਲੀ ਕਰਨ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਅਗਸਤ 2025 ਤੋਂ ਲੈ ਕੇ ਮਈ 2026 ਦਰਮਿਆਨ ਜਦੋਂ ਵਿਸ਼ੇਸ਼ ਜਾਂਚ ਕਮੇਟੀ ਨੇ ਕੰਪਨੀਆਂ ਦੇ ਸਥਾਨਕ ਦਫ਼ਤਰਾਂ ਦਾ ਦੌਰਾ ਕੀਤਾ ਤਾਂ ਉੱਥੇ ਤਾਲੇ ਲੱਗੇ ਮਿਲੇ। ਇਸ ਤੋਂ ਇਲਾਵਾ ਗੈਰ-ਕਮਰਸ਼ੀਅਲ (ਪ੍ਰਾਈਵੇਟ) ਵਾਹਨਾਂ ਨੂੰ ਵੀ ਐਪ 'ਤੇ ਚਲਾਉਣ ਅਤੇ ਅਧੂਰਾ ਬੀਮਾ ਕਵਰ ਦੇਣ ਵਰਗੀਆਂ ਗੰਭੀਰ ਖਾਮੀਆਂ ਸਾਹਮਣੇ ਆਈਆਂ।
ਟ੍ਰਾਈਸਿਟੀ ਕੈਬ ਡਰਾਈਵਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਤੰਬਰ 2026 ਵਿੱਚ ਸੌਂਪੇ ਗਏ ਰਿਕਾਰਡ ਤੋਂ ਸਪੱਸ਼ਟ ਹੋਇਆ ਕਿ ਕੰਪਨੀਆਂ ਡਰਾਈਵਰਾਂ 'ਤੇ ਪ੍ਰੀਪੇਡ ਰੀਚਾਰਜ ਅਤੇ ਸਬਸਕ੍ਰਿਪਸ਼ਨ ਮਾਡਲ ਲਾਗੂ ਕਰਕੇ ਨਿਰਧਾਰਤ ਦਰਾਂ ਤੋਂ ਵੱਧ ਕਿਰਾਇਆ ਵਸੂਲ ਰਹੀਆਂ ਸਨ, ਜੋ ਕਿ 2025 ਦੇ ਨਿਯਮਾਂ ਦੇ ਰੂਲ 14(iii) ਦੀ ਸਿੱਧੀ ਉਲੰਘਣਾ ਹੈ। ਅਥਾਰਟੀ ਨੇ ਸਪੱਸ਼ਟ ਕੀਤਾ ਕਿ ਕੰਪਨੀਆਂ ਨੂੰ ਆਪਣਾ ਪੱਖ ਰੱਖਣ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਪੂਰਾ ਸਮਾਂ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਅਣਦੇਖੀ ਕਾਰਨ ਇਹ ਸਖ਼ਤ ਕਦਮ ਚੁੱਕਣਾ ਪਿਆ ਹੈ।
Get all latest content delivered to your email a few times a month.