ਤਾਜਾ ਖਬਰਾਂ
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਂਦੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਾਈਬਰ ਠੱਗਾਂ ਵੱਲੋਂ ਵੱਡੀ ਆਰਥਿਕ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸ਼ਰਧਾਲੂਆਂ ਦੀ ਸੁਵਿਧਾ ਲਈ ਚਲਾਈ ਜਾ ਰਹੀ ਆਨਲਾਈਨ ਰਿਹਾਇਸ਼ ਬੁਕਿੰਗ ਪ੍ਰਕਿਰਿਆ ਦੀ ਆੜ 'ਚ ਠੱਗਾਂ ਨੇ ਫਰਜ਼ੀ ਵੈੱਬਸਾਈਟਾਂ ਤਿਆਰ ਕਰ ਲਈਆਂ ਹਨ। ਇਹ ਗਿਰੋਹ ਜਾਅਲੀ ਕਿਊ.ਆਰ. (QR) ਕੋਡ ਅਤੇ ਐੱਸ.ਜੀ.ਪੀ.ਸੀ. ਦਾ ਲੋਗੋ ਵਰਤ ਕੇ ਬੁਕਿੰਗ ਦੇ ਨਾਂ 'ਤੇ ਸੰਗਤਾਂ ਤੋਂ ਮੋਟੀਆਂ ਰਕਮਾਂ ਵਸੂਲ ਰਿਹਾ ਹੈ।
ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਅਨੁਸਾਰ ਸਰਾਏ ਗੜ੍ਹਵੀ ਨਿਵਾਸ ਵਿਖੇ ਕਮਰਿਆਂ ਦਾ ਅਸਲ ਕਿਰਾਇਆ 1000 ਤੋਂ 1600 ਰੁਪਏ ਹੈ, ਜਦਕਿ ਠੱਗ ਫਰਜ਼ੀ ਰਸੀਦਾਂ ਦੇ ਕੇ 2500 ਤੋਂ 3500 ਰੁਪਏ ਤੱਕ ਵਸੂਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 7 ਮਈ 2025 ਨੂੰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਸਾਈਬਰ ਠੱਗਾਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ ਅਤੇ ਸੰਗਤਾਂ ਨਾਲ ਲੱਖਾਂ ਰੁਪਏ ਦੀ ਠੱਗੀ ਵੱਜੀ ਹੈ।
ਪ੍ਰਬੰਧਕਾਂ ਨੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸੁਚੇਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸਰਾਵਾਂ ਵਿੱਚ ਕਮਰਿਆਂ ਦੀ ਆਨਲਾਈਨ ਬੁਕਿੰਗ ਲਈ ਸਿਰਫ਼ ਅਧਿਕਾਰਤ ਵੈੱਬਸਾਈਟ www.sgpcsarai.com ਹੀ ਵਰਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਅਣਪਛਾਤੇ ਲਿੰਕ, ਕਿਊ.ਆਰ. ਕੋਡ ਜਾਂ ਫ਼ੋਨ ਕਾਲ ਰਾਹੀਂ ਪੈਸੇ ਟਰਾਂਸਫਰ ਨਾ ਕੀਤੇ ਜਾਣ ਅਤੇ ਬੁਕਿੰਗ ਕਰਨ ਤੋਂ ਪਹਿਲਾਂ ਵੈੱਬਸਾਈਟ ਦੀ ਚੰਗੀ ਤਰ੍ਹਾਂ ਪੁਸ਼ਟੀ ਕੀਤੀ ਜਾਵੇ।
Get all latest content delivered to your email a few times a month.