ਤਾਜਾ ਖਬਰਾਂ
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਬੁੱਧਵਾਰ ਨੂੰ ਫ਼ਰੀਦਕੋਟ ਵਿਖੇ ਉਲੀਕੀ ਗਈ ਵਿਸ਼ਾਲ ਕਿਸਾਨ ਮਹਾਪੰਚਾਇਤ ਤੋਂ ਠੀਕ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਪ੍ਰਸ਼ਾਸਨ ਨੇ ਸੰਗਠਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ ਫ਼ਰੀਦਕੋਟ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਕਈ ਪ੍ਰਮੁੱਖ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। ਕਿਸਾਨ ਆਗੂਆਂ ਦੀਆਂ ਰਿਹਾਇਸ਼ਾਂ ਦੇ ਬਾਹਰ ਭਾਰੀ ਪੁਲਿਸ ਨਫ਼ਰੀ ਤਾਇਨਾਤ ਕਰ ਦਿੱਤੀ ਗਈ ਹੈ।
ਪੁਲਿਸ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਅਤੇ ਜਮਹੂਰੀ ਹੱਕਾਂ ਦੀ ਆਵਾਜ਼ ਨੂੰ ਲਾਠੀ-ਗੋਲੀ ਅਤੇ ਨਜ਼ਰਬੰਦੀ ਦੇ ਜ਼ੋਰ 'ਤੇ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਨਾਲ ਕਿਸਾਨ ਅੰਦੋਲਨ ਪਿੱਛੇ ਨਹੀਂ ਹਟੇਗਾ ਅਤੇ ਕਿਸਾਨ ਆਪਣੇ ਹੱਕਾਂ ਲਈ ਆਪਣਾ ਸੰਘਰਸ਼ ਪੂਰੇ ਉਤਸ਼ਾਹ ਨਾਲ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਪਿਛਲੇ 5 ਮਹੀਨਿਆਂ ਤੋਂ ਫ਼ਰੀਦਕੋਟ ਸਮੇਤ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਕਿਸਾਨ ਜ਼ਮੀਨੀ ਗਿਰਵੀਨਾਮਾ (ਲੈਂਡ ਮਾਰਟਗੇਜ) ਬੈਂਕਾਂ ਦੇ ਬਾਹਰ ਲਗਾਤਾਰ ਧਰਨਾ ਦੇ ਰਹੇ ਹਨ। ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਵਪਾਰਕ ਬੈਂਕਾਂ ਦੀ ਤਰਜ਼ 'ਤੇ ਲੈਂਡ ਮਾਰਟਗੇਜ ਬੈਂਕਾਂ ਵਿੱਚ ਵੀ 'ਵਨ ਟਾਈਮ ਸੈਟਲਮੈਂਟ' (OTS) ਸਕੀਮ ਲਾਗੂ ਕਰਨਾ, ਕਿਸਾਨਾਂ ਤੋਂ ਲਏ ਖਾਲੀ ਚੈੱਕ ਵਾਪਸ ਕਰਨਾ ਅਤੇ ਸ਼ੰਭੂ-ਖਨੌਰੀ ਸਰਹੱਦ 'ਤੇ ਚੱਲੇ ਅੰਦੋਲਨ ਦੌਰਾਨ ਚੋਰੀ ਜਾਂ ਨੁਕਸਾਨੇ ਗਏ ਸਮਾਨ ਦਾ ਬਣਦਾ ਮੁਆਵਜ਼ਾ ਦੇਣਾ ਸ਼ਾਮਲ ਹੈ।
Get all latest content delivered to your email a few times a month.