IMG-LOGO
ਹੋਮ ਪੰਜਾਬ, ਰਾਸ਼ਟਰੀ, UAE ਦੇ ਪ੍ਰਮੁੱਖ ਕਾਰੋਬਾਰੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ,...

UAE ਦੇ ਪ੍ਰਮੁੱਖ ਕਾਰੋਬਾਰੀਆਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ, ਅਮਨ ਅਰੋੜਾ ਨੇ ਕੀਤੀਆਂ ਅਹਿਮ ਮੀਟਿੰਗਾਂ

Admin User - Sep 08, 2026 08:53 PM
IMG

ਪੰਜਾਬ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸੇ ਤਹਿਤ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੁਬਈ ਦੌਰੇ ਦੌਰਾਨ ਯੂ.ਏ.ਈ. ਦੇ ਕਈ ਪ੍ਰਮੁੱਖ ਕਾਰੋਬਾਰੀ ਸਮੂਹਾਂ ਅਤੇ ਨਿਵੇਸ਼ਕਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਪੰਜਾਬ ਦੀ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026 ਬਾਰੇ ਜਾਣਕਾਰੀ ਦਿੰਦਿਆਂ ਸੂਬੇ ਵਿੱਚ ਨਿਵੇਸ਼ ਦੇ ਮੌਕਿਆਂ ਤੋਂ ਜਾਣੂ ਕਰਵਾਇਆ।

ਅਮਨ ਅਰੋੜਾ ਨੇ ਨਿਵੇਸ਼ਕਾਂ ਸਾਹਮਣੇ ਪੰਜਾਬ ਦੀ ਨਿਵੇਸ਼ਕ-ਪੱਖੀ ਨੀਤੀ, ਸਿੰਗਲ-ਵਿੰਡੋ ਕਲੀਅਰੈਂਸ ਪ੍ਰਣਾਲੀ ਅਤੇ ‘ਇਨਵੈਸਟ ਪੰਜਾਬ’ ਰਾਹੀਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਨਿਵੇਸ਼ਕਾਂ ਨੂੰ ਸਮਾਂਬੱਧ ਮਨਜ਼ੂਰੀਆਂ, ਸੁਚਾਰੂ ਪ੍ਰਕਿਰਿਆ ਅਤੇ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਪੂਰਾ ਹੋਣ ਤੱਕ ਲੋੜੀਂਦਾ ਸਹਿਯੋਗ ਮੁਹੱਈਆ ਕਰਵਾਉਣਾ ਹੈ।

ਇਸ ਤੋਂ ਪਹਿਲਾਂ ਦੁਬਈ ਵਿੱਚ ਭਾਰਤ ਦੇ ਕੌਂਸਲ ਜਨਰਲ ਡਾ. ਏਮਾਦੀ ਵਿਸ਼ਨੂੰ ਵਰਧਨ ਰੈੱਡੀ ਨੇ ਵੀ ਅਮਨ ਅਰੋੜਾ ਲਈ ਨਾਸ਼ਤੇ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਪੰਜਾਬ ਵਿੱਚ ਨਿਵੇਸ਼ ਵਧਾਉਣ, ਸੰਭਾਵੀ ਨਿਵੇਸ਼ਕਾਂ ਨਾਲ ਸੰਪਰਕ ਮਜ਼ਬੂਤ ਕਰਨ ਅਤੇ ਨਿਵੇਸ਼ਕਾਂ ਦਾ ਭਰੋਸਾ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਆਪਣੇ ਦੌਰੇ ਦੌਰਾਨ ਅਮਨ ਅਰੋੜਾ ਨੇ ਸ਼ਰਾਫ ਗਰੁੱਪ, ਮਾਊਂਟ ਮੇਰੂ ਗਰੁੱਪ, ਅਲ ਡੋਬੋਵੀ ਗਰੁੱਪ, ਜੈਕੀਜ਼, ਅਪੈਰਲ ਗਰੁੱਪ, ਲੁਲੂ ਰਿਟੇਲ ਹੋਲਡਿੰਗਜ਼ ਅਤੇ ਜੈਮਸ ਐਜੂਕੇਸ਼ਨ ਸਮੇਤ ਕਈ ਵੱਡੇ ਕਾਰੋਬਾਰੀ ਘਰਾਣਿਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਖੇਤਰ-ਵਿਸ਼ੇਸ਼ ਨਿਵੇਸ਼, ਬੀ-ਟੂ-ਬੀ ਭਾਈਵਾਲੀ, ਤਕਨੀਕੀ ਸਹਿਯੋਗ ਅਤੇ ਪੰਜਾਬ ਵਿੱਚ ਕਾਰੋਬਾਰ ਦੇ ਵਿਸਥਾਰ ਦੀਆਂ ਸੰਭਾਵਨਾਵਾਂ ’ਤੇ ਚਰਚਾ ਹੋਈ।

ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਰਣਨੀਤਕ ਭੂਗੋਲਿਕ ਸਥਿਤੀ, ਬਿਹਤਰ ਕੁਨੈਕਟੀਵਿਟੀ, ਹੁਨਰਮੰਦ ਮਨੁੱਖੀ ਸਰੋਤ, ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚਾ, ਉੱਦਮੀ ਪ੍ਰਤਿਭਾ ਅਤੇ ਵੱਡੇ ਘਰੇਲੂ ਬਾਜ਼ਾਰ ਤੱਕ ਪਹੁੰਚ ਵਰਗੀਆਂ ਕਈ ਖੂਬੀਆਂ ਹਨ। ਉਨ੍ਹਾਂ ਨੇ ਯੂ.ਏ.ਈ. ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਉਪਲਬਧ ਨਿਵੇਸ਼ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਫੂਡ ਪ੍ਰੋਸੈਸਿੰਗ, ਖੇਤੀਬਾੜੀ ਆਧਾਰਿਤ ਉਦਯੋਗ, ਲੌਜਿਸਟਿਕਸ, ਵੇਅਰਹਾਊਸਿੰਗ, ਸਿੱਖਿਆ, ਹੁਨਰ ਵਿਕਾਸ, ਮੈਨੂਫੈਕਚਰਿੰਗ, ਆਈ.ਟੀ. ਅਤੇ ਨਵਿਆਉਣਯੋਗ ਊਰਜਾ ਸਮੇਤ ਕਈ ਖੇਤਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰ ਰਹੀ ਹੈ।

ਇਸ ਦੌਰਾਨ ਅਮਨ ਅਰੋੜਾ ਨੇ ਏ.ਆਈ.ਐਮ. ਦੁਬਈ ਵਿਖੇ ਯੂ.ਏ.ਈ. ਵਿੱਚ ਭਾਰਤ ਦੇ ਦੂਤ ਦੀਪਕ ਮਿੱਤਲ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਹੁਨਰ ਵਿਕਾਸ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਗਿਆ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦਾ ਮਕਸਦ ਸਿਰਫ਼ ਨਿਵੇਸ਼ ਇਕੱਠਾ ਕਰਨਾ ਨਹੀਂ, ਸਗੋਂ ਅਜਿਹੀਆਂ ਲੰਬੇ ਸਮੇਂ ਦੀਆਂ ਭਾਈਵਾਲੀਆਂ ਬਣਾਉਣਾ ਹੈ, ਜਿਨ੍ਹਾਂ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣ, ਉਦਯੋਗਿਕ ਖੇਤਰ ਮਜ਼ਬੂਤ ਹੋਵੇ ਅਤੇ ਸੂਬੇ ਦੀ ਆਰਥਿਕਤਾ ਨੂੰ ਗਤੀ ਮਿਲੇ।

ਪੰਜਾਬ ਦੇ ਵਫ਼ਦ ਵਿੱਚ ਸੀ.ਈ.ਓ. ਇਨਵੈਸਟ ਪੰਜਾਬ ਅਮਿਤ ਢਾਕਾ, ਡਾਇਰੈਕਟਰ ਉਦਯੋਗ ਅਤੇ ਵਣਜ ਜਸਪ੍ਰੀਤ ਸਿੰਘ ਅਤੇ ਐਮ.ਡੀ. ਪੰਜਾਬ ਵਿੱਤ ਨਿਗਮ ਸੇਨੂ ਦੁੱਗਲ ਵੀ ਸ਼ਾਮਲ ਹਨ। ਵਫ਼ਦ ਵੱਲੋਂ ਯੂ.ਏ.ਈ. ਅਤੇ ਹੋਰ ਵਿਦੇਸ਼ੀ ਨਿਵੇਸ਼ਕਾਂ ਨਾਲ ਮੀਟਿੰਗਾਂ ਕਰਕੇ ਪੰਜਾਬ ਵਿੱਚ ਠੋਸ ਨਿਵੇਸ਼ ਪ੍ਰਸਤਾਵ ਲਿਆਉਣ ਅਤੇ ਕਾਰੋਬਾਰੀ ਭਾਈਵਾਲੀਆਂ ਨੂੰ ਅੱਗੇ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.