IMG-LOGO
ਹੋਮ ਪੰਜਾਬ: ਰੂਪਨਗਰ ’ਚ ਨਸ਼ਾ ਤਸਕਰਾਂ ’ਤੇ ਹੋਵੇਗੀ ਹੋਰ ਸਖ਼ਤੀ, ਹਰਜੋਤ ਬੈਂਸ...

ਰੂਪਨਗਰ ’ਚ ਨਸ਼ਾ ਤਸਕਰਾਂ ’ਤੇ ਹੋਵੇਗੀ ਹੋਰ ਸਖ਼ਤੀ, ਹਰਜੋਤ ਬੈਂਸ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

Admin User - Sep 07, 2026 05:55 PM
IMG

ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਤਸਕਰੀ ’ਤੇ ਸ਼ਿਕੰਜਾ ਹੋਰ ਕੱਸਣ ਦੇ ਨਿਰਦੇਸ਼ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੇ ਹਨ। ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਿਆਂ ਦੀ ਸਪਲਾਈ ਲੜੀ ਤੋੜਨ ਲਈ ਕਾਰਵਾਈ ਤੇਜ਼ ਕਰਨ ਲਈ ਕਿਹਾ।

ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਤਸਕਰਾਂ ਦੀ ਗ੍ਰਿਫ਼ਤਾਰੀ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਨੌਜਵਾਨਾਂ ਨੂੰ ਜਾਗਰੂਕ ਕਰਨ, ਨਸ਼ਾ ਪੀੜਤਾਂ ਦਾ ਇਲਾਜ ਅਤੇ ਮੁੜ-ਵਸੇਬਾ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ।

ਉਨ੍ਹਾਂ ਰੂਪਨਗਰ ਦੀ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਸਰਹੱਦ ਦੇ ਮੱਦੇਨਜ਼ਰ ਅੰਤਰਰਾਜੀ ਨਸ਼ਾ ਤਸਕਰੀ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ। ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ, ਨਾਕਾਬੰਦੀ ਅਤੇ ਲਗਾਤਾਰ ਨਿਗਰਾਨੀ ਵਧਾਉਣ ਲਈ ਵੀ ਕਿਹਾ ਗਿਆ।

ਮੀਟਿੰਗ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਦੱਸਿਆ ਗਿਆ ਕਿ 1 ਜਨਵਰੀ ਤੋਂ 31 ਅਗਸਤ 2026 ਤੱਕ ਨਸ਼ਿਆਂ ਸਬੰਧੀ 624 ਮਾਮਲੇ ਦਰਜ ਕਰਕੇ 908 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ 1 ਕਿਲੋਗ੍ਰਾਮ 245 ਗ੍ਰਾਮ 494 ਮਿਲੀਗ੍ਰਾਮ ਨਸ਼ੀਲਾ ਪਾਊਡਰ, 14 ਕਿਲੋਗ੍ਰਾਮ 778 ਗ੍ਰਾਮ ਅਫ਼ੀਮ, 2 ਕਿਲੋਗ੍ਰਾਮ 567 ਗ੍ਰਾਮ 474 ਮਿਲੀਗ੍ਰਾਮ ਹੈਰੋਇਨ, ਚਰਸ, ਗਾਂਜਾ, ਆਈਸ ਅਤੇ 1,095 ਕਿਲੋਗ੍ਰਾਮ 786 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ।

ਇਸ ਤੋਂ ਇਲਾਵਾ 13,543 ਗੋਲੀਆਂ/ਕੈਪਸੂਲ, 9 ਟੀਕੇ ਅਤੇ 8.02 ਲੱਖ ਰੁਪਏ ਦੀ ਨਸ਼ਾ ਰਾਸ਼ੀ ਵੀ ਬਰਾਮਦ ਕੀਤੀ ਗਈ।

ਜੂਨ ਤੋਂ ਅਗਸਤ 2026 ਤੱਕ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਵੀ 251 ਮਾਮਲੇ ਦਰਜ ਕਰਕੇ 358 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਵਿੱਚ 504 ਗ੍ਰਾਮ 463 ਮਿਲੀਗ੍ਰਾਮ ਨਸ਼ੀਲਾ ਪਾਊਡਰ, 229 ਕਿਲੋਗ੍ਰਾਮ 105 ਗ੍ਰਾਮ ਭੁੱਕੀ, 1 ਕਿਲੋਗ੍ਰਾਮ 87 ਗ੍ਰਾਮ 316 ਮਿਲੀਗ੍ਰਾਮ ਹੈਰੋਇਨ ਅਤੇ 13,098 ਗੋਲੀਆਂ/ਕੈਪਸੂਲ ਬਰਾਮਦ ਹੋਏ।

ਮੀਟਿੰਗ ਵਿੱਚ ਨਸ਼ੀਲੇ ਪਦਾਰਥਾਂ ਦੀ ਨਾਜਾਇਜ਼ ਖੇਤੀ ਰੋਕਣ ਸਬੰਧੀ ਕਾਰਵਾਈ ਦੀ ਵੀ ਸਮੀਖਿਆ ਕੀਤੀ ਗਈ। ਮਾਰਚ 2026 ਵਿੱਚ ਖੱਦਰ ਕਲੋਨੀ ਕੋਟਲਾ ਨਿਹੰਗ ਵਿੱਚ ਇੱਕ ਘਰ ਅੰਦਰ ਭੁੱਕੀ ਦੇ ਬੂਟੇ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ 118 ਬੂਟੇ, ਜਿਨ੍ਹਾਂ ਦਾ ਵਜ਼ਨ 8 ਕਿਲੋਗ੍ਰਾਮ 500 ਗ੍ਰਾਮ ਸੀ, ਬਰਾਮਦ ਕੀਤੇ।

ਹਰਜੋਤ ਬੈਂਸ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਦੇ ਨਾਲ-ਨਾਲ ਖੇਡਾਂ ਨਾਲ ਜੋੜਨਾ ਵੀ ਜ਼ਰੂਰੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜੂਨ, ਜੁਲਾਈ ਅਤੇ ਅਗਸਤ ਦੌਰਾਨ ਪਿੰਡਾਂ, ਵਾਰਡਾਂ, ਜਨਤਕ ਥਾਵਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ 97 ਜਾਗਰੂਕਤਾ ਸੈਮੀਨਾਰ ਅਤੇ ਮੀਟਿੰਗਾਂ ਕਰਵਾਈਆਂ ਗਈਆਂ।

ਉਨ੍ਹਾਂ ਦੱਸਿਆ ਕਿ ਰੂਪਨਗਰ ਵਿੱਚ 2 ਸਰਕਾਰੀ ਅਤੇ 5 ਨਿੱਜੀ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਕੁੱਲ 151 ਬੈੱਡਾਂ ਦੀ ਸਮਰੱਥਾ ਹੈ। ਸਿਹਤ ਵਿਭਾਗ ਨੂੰ ਇਨ੍ਹਾਂ ਕੇਂਦਰਾਂ ਵਿੱਚ ਇਲਾਜ ਅਤੇ ਮੁੜ-ਵਸੇਬੇ ਦੀ ਪ੍ਰਕਿਰਿਆ ਹੋਰ ਮਜ਼ਬੂਤ ਕਰਨ ਲਈ ਕਿਹਾ ਗਿਆ।

ਬੈਂਸ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਦੀ ਕਾਮਯਾਬੀ ਲਈ ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ, ਸਥਾਨਕ ਸੰਸਥਾਵਾਂ, ਪਿੰਡ ਪੱਧਰੀ ਕਮੇਟੀਆਂ, ਵਿਦਿਅਕ ਅਦਾਰਿਆਂ ਅਤੇ ਆਮ ਲੋਕਾਂ ਦਾ ਸਾਂਝਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਨਸ਼ਿਆਂ ਨਾਲ ਜੁੜੀ ਕਿਸੇ ਵੀ ਸੂਚਨਾ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਤਸਕਰਾਂ ਦੇ ਨੈੱਟਵਰਕ ਨੂੰ ਤੋੜਨ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸਬੰਧਿਤ ਕਿਸੇ ਵੀ ਗਤੀਵਿਧੀ ਦੀ ਜਾਣਕਾਰੀ ਪੁਲਿਸ ਜਾਂ ਪ੍ਰਸ਼ਾਸਨ ਨਾਲ ਸਾਂਝੀ ਕਰਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.