ਤਾਜਾ ਖਬਰਾਂ
ਰਾਜਧਾਨੀ ਚੰਡੀਗੜ੍ਹ ਦੇ ਵਾਰਡ ਨੰਬਰ 24 ਵਿੱਚ ਭਾਰਤੀ ਜਨਤਾ ਪਾਰਟੀ (BJP) ਅਤੇ ਆਮ ਆਦਮੀ ਪਾਰਟੀ (AAP) ਦੇ ਆਗੂਆਂ ਵਿਚਾਲੇ ਤਕਰਾਰ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ। ਭਾਜਪਾ ਯੂਵਾ ਮੋਰਚਾ ਮੰਡਲ ਦੇ ਪ੍ਰਧਾਨ ਮੋਹਿਤ ਅਤੇ 'ਆਪ' ਕੌਂਸਲਰ ਜਸਵੀਰ ਲਾਡੀ ਵਿਚਾਲੇ ਹੋਈ ਤਿੱਖੀ ਝੜਪ ਤੋਂ ਬਾਅਦ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ ਹੈ। ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਕੁੱਟਮਾਰ ਅਤੇ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਐਤਵਾਰ ਸ਼ਾਮ ਖ਼ੂਨਦਾਨ ਕੈਂਪ 'ਚ ਜਾ ਰਹੇ ਭਾਜਪਾ ਆਗੂ ਮੋਹਿਤ ਨੇ ਇਲਜ਼ਾਮ ਲਗਾਇਆ ਕਿ 'ਆਪ' ਕੌਂਸਲਰ ਜਸਵੀਰ ਲਾਡੀ ਨੇ ਉਨ੍ਹਾਂ ਦੀ ਗਰਦਨ ਤੋਂ ਕਾਲਰ ਫੜ ਕੇ ਭਾਜਪਾ ਦਾ ਝੰਡਾ ਖੋਹ ਕੇ ਜ਼ਮੀਨ 'ਤੇ ਸੁੱਟ ਦਿੱਤਾ। ਉਨ੍ਹਾਂ ਦਾ ਦਾਅਵਾ ਹੈ ਕਿ ਕੌਂਸਲਰ ਨਾਲ ਆਏ ਇੱਕ ਨੌਜਵਾਨ ਕੋਲ ਚਾਕੂ ਵੀ ਸੀ ਅਤੇ ਹਮਲਾਵਰਾਂ ਨੇ ਉਨ੍ਹਾਂ ਦੀ ਮਾਤਾ ਨਾਲ ਵੀ ਬਦਸਲੂਕੀ ਤੇ ਕੁੱਟਮਾਰ ਕੀਤੀ। ਦੂਜੇ ਪਾਸੇ, ਕੌਂਸਲਰ ਜਸਵੀਰ ਲਾਡੀ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮੋਹਿਤ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਬਚਾਅ ਕੀਤਾ।
ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਭਾਜਪਾ ਆਗੂ ਮੋਹਿਤ ਨੇ ਪੁਲਿਸ ਨੂੰ ਸੌਂਪ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੋਵਾਂ ਧਿਰਾਂ ਵੱਲੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਅਤੇ ਮੌਕੇ ਦੇ ਤੱਥਾਂ ਦੀ ਜਾਂਚ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.