ਤਾਜਾ ਖਬਰਾਂ
ਚੋਣ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਦੀਆਂ ਹਦਾਇਤਾਂ 'ਤੇ ਐਤਵਾਰ ਨੂੰ ਲਗਾਏ ਗਏ ਵਿਸ਼ੇਸ਼ ਵੋਟਰ ਨਾਮਜ਼ਦਗੀ ਕੈਂਪ ਦੌਰਾਨ ਪ੍ਰਸ਼ਾਸਨਿਕ ਲਾਪਰਵਾਹੀ ਦੀ ਵੱਡੀ ਮਿਸਾਲ ਦੇਖਣ ਨੂੰ ਮਿਲੀ। ਸਥਾਨਕ ਐੱਲ.ਐੱਮ.ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਦਾ ਮੁੱਖ ਗੇਟ ਲਗਭਗ ਤਿੰਨ ਘੰਟੇ ਬੰਦ ਰਹਿਣ ਕਾਰਨ ਬੂਥ ਨੰਬਰ 36, 37 ਅਤੇ 38 ਦੇ ਬੂਥ ਲੈਵਲ ਅਫ਼ਸਰਾਂ (BLOs) ਸਮੇਤ ਆਮ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਬੂਥ ਅਫ਼ਸਰ ਹਿਮੰਤ ਕੁਮਾਰ, ਗੁਰਮੀਤ ਸਿੰਘ ਅਤੇ ਰਸ਼ਪਾਲ ਸਿੰਘ ਮਿਥੇ ਸਮੇਂ 'ਤੇ ਸਕੂਲ ਪਹੁੰਚ ਗਏ ਸਨ, ਪਰ ਗੇਟ 'ਤੇ ਤਾਲਾ ਲਟਕਦਾ ਮਿਲਿਆ। ਅੰਦਰ ਜਾਣ ਦਾ ਰਸਤਾ ਨਾ ਮਿਲਣ ਕਾਰਨ ਬੀ.ਐੱਲ.ਓਜ਼ ਨੂੰ ਸਕੂਲ ਦੇ ਬਾਹਰ ਆਪਣੀਆਂ ਗੱਡੀਆਂ 'ਚ ਬੈਠ ਕੇ ਹੀ ਵੋਟਰ ਫਾਰਮ ਭਰਨ ਦਾ ਕੰਮ ਕਰਨਾ ਪਿਆ। ਦੂਜੇ ਪਾਸੇ ਵੋਟਾਂ ਬਣਵਾਉਣ ਆਏ ਸਥਾਨਕ ਨਿਵਾਸੀ ਤਪਦੀ ਗਰਮੀ 'ਚ ਘੰਟਿਆਂ ਬੱਧੀ ਬਾਹਰ ਖੜ੍ਹੇ ਰਹੇ। ਗੁੱਸੇ 'ਚ ਆਏ ਲੋਕਾਂ ਨੇ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਸਰਕਾਰੀ ਹੁਕਮਾਂ ਤਹਿਤ ਕੈਂਪ ਰੱਖਿਆ ਗਿਆ ਸੀ, ਤਾਂ ਸਮੇਂ ਸਿਰ ਗੇਟ ਖੋਲ੍ਹਣ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ।
ਇਸ ਖੱਜਲ-ਖੁਆਰੀ ਸਬੰਧੀ ਚੋਣ ਇੰਚਾਰਜ ਰਾਜੀਵ ਦੁੱਗਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੀ ਘਟਨਾ ਦੀ ਰਿਪੋਰਟ ਤਿਆਰ ਕਰਕੇ ਫਤਿਹਗੜ੍ਹ ਚੂੜੀਆਂ ਦੇ ਐੱਸ.ਡੀ.ਐੱਮ. ਨੂੰ ਸੌਂਪ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਲਿਖਤੀ ਰੂਪ 'ਚ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ।
Get all latest content delivered to your email a few times a month.