ਤਾਜਾ ਖਬਰਾਂ
ਭਾਰਤੀ ਕਾਰ ਖ਼ਰੀਦਦਾਰਾਂ ਦੀ ਪਸੰਦ ਵਿੱਚ ਇੱਕ ਇਤਿਹਾਸਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਲੰਬੇ ਸਮੇਂ ਤੋਂ ਭਾਰਤੀ ਬਾਜ਼ਾਰ 'ਤੇ ਰਾਜ ਕਰਨ ਵਾਲੀਆਂ ਪੈਟਰੋਲ ਕਾਰਾਂ ਦਾ ਦਬਦਬਾ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਲੰਘੇ ਅਗਸਤ ਮਹੀਨੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਹਿਲੀ ਵਾਰ ਸੀ.ਐੱਨ.ਜੀ. (CNG), ਇਲੈਕਟ੍ਰਿਕ (EV) ਅਤੇ ਹਾਈਬ੍ਰਿਡ ਕਾਰਾਂ ਦੀ ਸੰਯੁਕਤ ਵਿਕਰੀ ਨੇ ਪੈਟਰੋਲ ਵਾਹਨਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕੁੱਲ ਯਾਤਰੀ ਵਾਹਨਾਂ ਦੀ ਰਿਟੇਲ ਵਿਕਰੀ ਵਿੱਚ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦਾ ਹਿੱਸਾ 42% ਤੱਕ ਪਹੁੰਚ ਗਿਆ ਹੈ, ਜਦਕਿ ਪੈਟਰੋਲ ਕਾਰਾਂ ਦੀ ਹਿੱਸੇਦਾਰੀ ਡਿੱਗ ਕੇ 41 ਫ਼ੀਸਦੀ ਦੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਈ ਹੈ।
ਬਾਲਣ ਦੀ ਤਰਜੀਹ ਬਦਲਣ ਦੇ ਬਾਵਜੂਦ ਦੇਸ਼ 'ਚ ਕਾਰਾਂ ਦੀ ਮੰਗ 'ਚ ਕੋਈ ਕਮੀ ਨਹੀਂ ਆਈ ਹੈ। ਅਗਸਤ ਮਹੀਨੇ ਦੌਰਾਨ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ਸਾਲਾਨਾ ਆਧਾਰ 'ਤੇ 16 ਫ਼ੀਸਦੀ ਵੱਧ ਕੇ ਲਗਭਗ 4.01 ਲੱਖ ਯੂਨਿਟ ਤੱਕ ਪਹੁੰਚ ਗਈ। ਅੰਕੜੇ ਦਰਸਾਉਂਦੇ ਹਨ ਕਿ ਗਾਹਕ ਹੁਣ ਸਿਰਫ਼ ਕੀਮਤ ਹੀ ਨਹੀਂ, ਸਗੋਂ ਮਾਈਲੇਜ, ਫਿਊਲ ਦੀ ਲਾਗਤ ਅਤੇ ਨਵੀਂ ਤਕਨਾਲੋਜੀ ਨੂੰ ਧਿਆਨ 'ਚ ਰੱਖ ਕੇ ਫੈਸਲਾ ਲੈ ਰਹੇ ਹਨ। ਪਿਛਲੇ ਸਾਲ ਅਗਸਤ 'ਚ ਪੈਟਰੋਲ ਕਾਰਾਂ ਦਾ ਮਾਰਕੀਟ ਸ਼ੇਅਰ 46% ਸੀ, ਜਿਸ 'ਚ ਇੱਕ ਸਾਲ ਅੰਦਰ 5% ਦੀ ਗਿਰਾਵਟ ਆਈ ਹੈ।
ਇਕੁਈਰਸ ਸਕਿਓਰਿਟੀਜ਼ (Equirus Securities) ਦੀ ਰਿਪੋਰਟ ਅਨੁਸਾਰ, ਕੁੱਲ ਕਾਰ ਵਿਕਰੀ ਵਿੱਚ ਸੀ.ਐੱਨ.ਜੀ. ਵਾਹਨਾਂ ਦਾ ਹਿੱਸਾ ਰਿਕਾਰਡ 25% ਤੱਕ ਪਹੁੰਚ ਗਿਆ ਹੈ। ਘੱਟ ਚੱਲਣ ਲਾਗਤ ਕਾਰਨ Kia ਵਰਗੀਆਂ ਪ੍ਰੀਮੀਅਮ ਕੰਪਨੀਆਂ ਵੀ ਹੁਣ Kia Carens CNG ਰਾਹੀਂ ਇਸ ਖੇਤਰ 'ਚ ਉੱਤਰ ਰਹੀਆਂ ਹਨ।
ਮਾਰੂਤੀ ਸੁਜ਼ੂਕੀ: 71% ਬਾਜ਼ਾਰ ਹਿੱਸੇਦਾਰੀ ਨਾਲ ਪਹਿਲੇ ਨੰਬਰ 'ਤੇ
ਟਾਟਾ ਮੋਟਰਜ਼: 17% ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ
ਹੁੰਡਈ: 9% ਮਾਰਕੀਟ ਸ਼ੇਅਰ ਨਾਲ ਤੀਜੇ ਨੰਬਰ 'ਤੇ
EV ਦੀ ਵਿਕਰੀ 'ਚ 52% ਦਾ ਉਛਾਲ, ਡੀਜ਼ਲ ਦਾ 17% ਸ਼ੇਅਰ ਬਰਕਰਾਰ
ਇਲੈਕਟ੍ਰਿਕ ਵਾਹਨਾਂ (EV) ਦੀ ਵਿਕਰੀ 'ਚ ਸਾਲਾਨਾ 52% ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜੋ ਅਗਸਤ 'ਚ 30,700 ਯੂਨਿਟਾਂ ਹੋ ਗਈ। ਇਸ ਨਾਲ ਈ.ਵੀ. ਦੀ ਬਾਜ਼ਾਰ ਹਿੱਸੇਦਾਰੀ 7.7 ਫ਼ੀਸਦੀ ਹੋ ਗਈ ਹੈ, ਜਿਸ ਵਿੱਚ 43% ਸ਼ੇਅਰ ਨਾਲ ਟਾਟਾ ਮੋਟਰਜ਼ ਦਾ ਦਬਦਬਾ ਬਰਕਰਾਰ ਹੈ। ਦੂਜੇ ਪਾਸੇ, ਲਿਮਟਿਡ ਆਪਸ਼ਨਾਂ ਦੇ ਬਾਵਜੂਦ ਡੀਜ਼ਲ ਕਾਰਾਂ ਨੇ ਵੀ ਬਾਜ਼ਾਰ 'ਚ ਆਪਣੀ 17 ਫ਼ੀਸਦੀ ਹਿੱਸੇਦਾਰੀ ਕਾਇਮ ਰੱਖੀ ਹੈ। ਆਟੋ ਮਾਹਰਾਂ ਮੁਤਾਬਕ ਪੈਟਰੋਲ ਹੁਣ ਗਾਹਕਾਂ ਦੀ ਪਹਿਲੀ ਅਤੇ ਇਕਲੌਤੀ ਪਸੰਦ ਨਹੀਂ ਰਿਹਾ।
Get all latest content delivered to your email a few times a month.