ਤਾਜਾ ਖਬਰਾਂ
ਅਧਿਆਪਕ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਸਰਕਾਰੀ ਵਿਕਟੋਰੀਆ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਫਿਜ਼ਿਕਸ ਲੈਕਚਰਾਰ ਡਾ. ਦਿਨੇਸ਼ ਕੁਮਾਰ ਨੂੰ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾ. ਦਿਨੇਸ਼ ਕੁਮਾਰ ਇਹ ਮਾਣ ਹਾਸਲ ਕਰਨ ਵਾਲੇ ਇਸ ਸਾਲ ਪੰਜਾਬ ਦੇ ਇਕਲੌਤੇ ਅਧਿਆਪਕ ਹਨ।
ਡਾ. ਦਿਨੇਸ਼ ਕੁਮਾਰ ਨੇ ਸਿੱਖਿਆ ਦੇ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਲਈ ਕੰਪਿਊਟਰ ਪ੍ਰੋਗਰਾਮਿੰਗ ਆਧਾਰਿਤ ‘ਵਰਚੁਅਲ ਫਿਜ਼ਿਕਸ ਲੈਬ’ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 100 ਤੋਂ ਵੱਧ ‘ਜ਼ੀਰੋ-ਕਾਸਟ’ ਮਾਡਲ ਵੀ ਵਿਕਸਿਤ ਕੀਤੇ ਹਨ। ਇਨ੍ਹਾਂ ਮਾਡਲਾਂ ਦੀ ਮਦਦ ਨਾਲ ਵਿਦਿਆਰਥੀ ਮਹਿੰਗੀਆਂ ਪ੍ਰਯੋਗਸ਼ਾਲਾਵਾਂ ਦੀ ਗੈਰ-ਮੌਜੂਦਗੀ ਵਿੱਚ ਵੀ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਪ੍ਰੈਕਟੀਕਲ ਢੰਗ ਨਾਲ ਸਮਝ ਸਕਦੇ ਹਨ।
52 ਸਾਲਾ ਡਾ. ਦਿਨੇਸ਼ ਕੁਮਾਰ ਨੇ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਹੈ। ਪੀਐੱਚ.ਡੀ. ਧਾਰਕ ਡਾ. ਦਿਨੇਸ਼ ਪਿਛਲੇ 25 ਸਾਲਾਂ ਤੋਂ ਅਧਿਆਪਨ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ। ਸਾਲ 2020 ਵਿੱਚ ਉਹ ਰਾਜ ਪੱਧਰੀ ਅਧਿਆਪਕ ਪੁਰਸਕਾਰ ਵੀ ਹਾਸਲ ਕਰ ਚੁੱਕੇ ਹਨ।
ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਸਕੂਲ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਦੌਰਾਨ ਵੀ ਲੋੜਵੰਦ ਵਿਦਿਆਰਥਣਾਂ ਨੂੰ ਮੁਫ਼ਤ ਸਿੱਖਿਆ ਦਿੰਦੇ ਹਨ। ਡਾ. ਦਿਨੇਸ਼ ਕੁਮਾਰ ਦਾ ਮੰਨਣਾ ਹੈ ਕਿ ਵਿਗਿਆਨ ਪ੍ਰਤੀ ਵਿਦਿਆਰਥੀਆਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਡਰ ਸਿਰਫ਼ ਪ੍ਰੈਕਟੀਕਲ ਤਜਰਬੇ ਅਤੇ ਪ੍ਰਯੋਗਾਂ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੀ ਇਹ ਨਵੀਨਤਾਕਾਰੀ ਪਹੁੰਚ, ਸਮਰਪਣ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜਨ ਦੀ ਕੋਸ਼ਿਸ਼ ਹੀ ਉਨ੍ਹਾਂ ਨੂੰ ਕੌਮੀ ਪੱਧਰ ’ਤੇ ਮਿਲੇ ਇਸ ਸਨਮਾਨ ਦਾ ਹੱਕਦਾਰ ਬਣਾਉਂਦੀ ਹੈ।
Get all latest content delivered to your email a few times a month.