ਤਾਜਾ ਖਬਰਾਂ
ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ-66 'ਤੇ ਇੱਕ ਖ਼ੌਫ਼ਨਾਕ ਸੜਕ ਹਾਦਸੇ ਦੌਰਾਨ 8 ਨੌਜਵਾਨਾਂ ਦੀ ਅਚਾਨਕ ਮੌਤ ਹੋਣ ਨਾਲ ਸੋਗ ਦੀ ਲਹਿਰ ਦੌੜ ਗਈ। ਪੁਲਿਸ ਵੱਲੋਂ ਸ਼ਨੀਵਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਕਰੀਬ 11:40 ਵਜੇ ਕੈਪਮੰਗਲਮ 'ਚ ਪਨਾਮਬੀਕੰਨੂ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਸੜਕ ਕੰਢੇ ਖੜ੍ਹੀ ਮਾਲ ਲੱਦੀ ਲਾਰੀ ਨਾਲ ਜਾ ਟਕਰਾਈ। ਟੱਕਰ ਏਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਸਾਰੇ ਅੱਠੇ ਨੌਜਵਾਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਮ੍ਰਿਤਕਾਂ ਦੀ ਪਛਾਣ ਤਾਮਿਲਨਾਡੂ ਦੇ ਡਿੰਡੀਗੁਲ ਸਥਿਤ ਪੀ.ਐੱਸ.ਐੱਮ. ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਅਨੁਸਾਰ ਇਹ ਸਾਰੇ ਵਿਦਿਆਰਥੀ ਧਾਰਮਿਕ ਅਸਥਾਨ ਗੁਰੂਵਾਯੂਰ ਤੋਂ ਦਰਸ਼ਨ ਕਰਕੇ ਕੋਡੁੰਗਲੂਰ ਵੱਲ ਜਾ ਰਹੇ ਸਨ, ਜਦੋਂ ਰਸਤੇ 'ਚ ਇਹ ਭਾਣਾ ਵਰਤ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਕਾਰ ਦੀ ਹਾਲਤ ਖ਼ਰਾਬ ਹੋਣ ਕਾਰਨ ਬਚਾਅ ਕਰਮਚਾਰੀਆਂ ਨੂੰ ਲਾਸ਼ਾਂ ਬਾਹਰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਪੁਲਿਸ ਨੇ ਸਾਰੀਆਂ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਤ੍ਰਿਸ਼ੂਰ ਮੈਡੀਕਲ ਕਾਲਜ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.