ਤਾਜਾ ਖਬਰਾਂ
ਦੇਸ਼ ਦੀ ਰਾਜਧਾਨੀ 'ਚ ਆਯੋਜਿਤ ਰਾਸ਼ਟਰੀ ਅਧਿਆਪਕ ਦਿਵਸ ਸਮਾਰੋਹ ਦੌਰਾਨ ਸਿੱਖਿਆ ਦੇ ਖੇਤਰ 'ਚ ਬੇਮਿਸਾਲ ਕ੍ਰਾਂਤੀ ਲਿਆਉਣ ਵਾਲੇ ਗੁਰੂਆਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਦੇਸ਼ ਭਰ ਵਿੱਚੋਂ ਚੁਣੇ ਗਏ 48 ਪ੍ਰਮੁੱਖ ਅਧਿਆਪਕਾਂ 'ਚੋਂ ਪੰਜਾਬ ਦੇ ਡਾ. ਦਿਨੇਸ਼ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਦਾ ਨਾਂ ਰੋਸ਼ਨ ਕੀਤਾ, ਜਦਕਿ ਚੰਡੀਗੜ੍ਹ ਦੇ ਸਰਕਾਰੀ ਮਾਡਲ ਹਾਈ ਸਕੂਲ (ਮਲੋਆ) ਦੇ ਅਧਿਆਪਕ ਰਵੀ ਜੈਸਵਾਲ ਨੇ 5ਵੇਂ ਨੰਬਰ 'ਤੇ ਇਹ ਵੱਕਾਰੀ 'ਰਾਸ਼ਟਰੀ ਅਧਿਆਪਕ ਪੁਰਸਕਾਰ' ਪ੍ਰਾਪਤ ਕੀਤਾ।
ਇਨ੍ਹਾਂ ਦੋਵਾਂ ਅਧਿਆਪਕਾਂ ਦੀਆਂ ਨਵੀਨਤਾਕਾਰੀ ਖੋਜਾਂ ਨੇ ਪੜ੍ਹਾਈ ਦੇ ਪੁਰਾਣੇ ਢਾਂਚੇ ਨੂੰ ਬਦਲ ਕੇ ਰੱਖ ਦਿੱਤਾ ਹੈ:
ਡਾ. ਦਿਨੇਸ਼ ਕੁਮਾਰ (ਪਟਿਆਲਾ): ਸਰਕਾਰੀ ਵਿਕਟੋਰੀਆ ਗਰਲਜ਼ ਸਮਾਰਟ ਸਕੂਲ ਦੇ ਫਿਜ਼ਿਕਸ ਲੈਕਚਰਾਰ ਡਾ. ਦਿਨੇਸ਼ ਸਮੁੱਚੇ ਪੰਜਾਬ ਵਿੱਚੋਂ ਇਹ ਐਵਾਰਡ ਜਿੱਤਣ ਵਾਲੇ ਇਕੱਲੇ ਅਧਿਆਪਕ ਹਨ। ਉਨ੍ਹਾਂ ਨੇ ਕੰਪਿਊਟਰ ਪ੍ਰੋਗਰਾਮਿੰਗ ਨਾਲ ਇੱਕ 'ਵਰਚੁਅਲ ਫਿਜ਼ਿਕਸ ਲੈਬ' ਅਤੇ 100 ਤੋਂ ਵੱਧ 'ਜ਼ੀਰੋ-ਕਾਸਟ' ਮਾਡਲ ਤਿਆਰ ਕੀਤੇ ਹਨ, ਜਿਸ ਨਾਲ ਬਿਨਾਂ ਮਹਿੰਗੀਆਂ ਪ੍ਰਯੋਗਸ਼ਾਲਾਵਾਂ ਦੇ ਵੀ ਬੱਚੇ ਵਿਗਿਆਨ ਦੇ ਔਖੇ ਸਿਧਾਂਤਾਂ ਨੂੰ ਆਸਾਨੀ ਨਾਲ ਸਮਝ ਰਹੇ ਹਨ।
ਰਵੀ ਜੈਸਵਾਲ (ਚੰਡੀਗੜ੍ਹ): ਨੀਲੇ ਰੰਗ ਦੇ ਕੋਟ ਵਿੱਚ ਸਜੇ ਰਵੀ ਜੈਸਵਾਲ ਨੇ ਆਪਣੇ ਸਕੂਲ 'ਚ 3D ਗੁੰਬਦ ਥੀਏਟਰ ਅਤੇ ਇੱਕ ਮੌਸਮ ਕੇਂਦਰ ਬਣਾਇਆ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਖਗੋਲ ਵਿਗਿਆਨ ਅਤੇ ਪੁਲਾੜ ਦਾ ਸਿੱਧਾ ਅਨੁਭਵ ਮਿਲਦਾ ਹੈ।
ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ 52 ਸਾਲਾ ਡਾ. ਦਿਨੇਸ਼ ਕੁਮਾਰ (PhD) ਪਿਛਲੇ 25 ਸਾਲਾਂ ਤੋਂ ਅਧਿਆਪਨ ਸੇਵਾਵਾਂ ਦੇ ਰਹੇ ਹਨ। ਸਾਲ 2020 'ਚ ਸਟੇਟ ਐਵਾਰਡ ਹਾਸਲ ਕਰ ਚੁੱਕੇ ਡਾ. ਦਿਨੇਸ਼ ਛੁੱਟੀਆਂ ਦੇ ਦਿਨਾਂ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਲੋੜਵੰਦ ਬੱਚੀਆਂ ਨੂੰ ਮੁਫ਼ਤ ਪੜ੍ਹਾਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵਿਗਿਆਨ ਦਾ ਡਰ ਸਿਰਫ਼ ਪ੍ਰੈਕਟੀਕਲ ਤਜਰਬੇ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।
Get all latest content delivered to your email a few times a month.