ਤਾਜਾ ਖਬਰਾਂ
ਦੇਸ਼ ਦੇ ਪ੍ਰਮੁੱਖ ਸਾਈਕਲ ਉਦਯੋਗ ਕੇਂਦਰ ਲੁਧਿਆਣਾ ਦੇ ਨਿਰਮਾਤਾਵਾਂ ਲਈ ਕੱਚੇ ਮਾਲ ਅਤੇ ਹੋਰ ਜ਼ਰੂਰੀ ਵਸਤਾਂ ਦੇ ਲਗਾਤਾਰ ਵਧ ਰਹੇ ਭਾਅ ਵੱਡੀ ਮੁਸੀਬਤ ਬਣ ਗਏ ਹਨ। ਪਿਛਲੇ ਇੱਕ ਮਹੀਨੇ ਦੌਰਾਨ ਸਟੀਲ ਦੀ ਕੀਮਤ ਵਿੱਚ ਕਰੀਬ 5,000 ਰੁਪਏ ਪ੍ਰਤੀ ਟਨ ਦਾ ਵੱਡਾ ਉਛਾਲ ਆਇਆ ਹੈ, ਜਿਸ ਨਾਲ ਟਾਇਰ, ਟਿਊਬ, ਪੇਂਟ ਅਤੇ ਕੈਮੀਕਲ ਵਰਗੀਆਂ ਹੋਰ ਜ਼ਰੂਰੀ ਚੀਜ਼ਾਂ ਵੀ ਮਹਿੰਗੀਆਂ ਹੋ ਗਈਆਂ ਹਨ। ਉਤਪਾਦਨ ਲਾਗਤ ਵਧਣ ਕਾਰਨ ਨਿਰਮਾਤਾਵਾਂ ਦੇ ਮੁਨਾਫ਼ੇ 'ਤੇ ਪਏ ਸਿੱਧੇ ਅਸਰ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਸਾਈਕਲਾਂ ਦੇ ਭਾਅ ਵਧਾਏ ਜਾਣ ਦੇ ਸਪੱਸ਼ਟ ਸੰਕੇਤ ਮਿਲ ਰਹੇ ਹਨ।
ਉਦਯੋਗ ਦੇ ਸਾਹਮਣੇ ਖੜ੍ਹੀਆਂ ਇਨ੍ਹਾਂ ਗੰਭੀਰ ਚੁਣੌਤੀਆਂ 'ਤੇ ਚਰਚਾ ਕਰਨ ਲਈ 'ਜੀ-13 ਬਾਈਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ' ਦੀ ਸ਼ੁੱਕਰਵਾਰ ਨੂੰ ਸਤਲੁਜ ਕਲੱਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਸਨਅਤਕਾਰਾਂ ਅਨੁਸਾਰ ਜੇਕਰ ਲਾਗਤਾਂ ਦਾ ਇਹ ਬੋਝ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਨਿਰਮਾਤਾ ਬਾਜ਼ਾਰ ਦੀ ਸਥਿਤੀ ਅਨੁਸਾਰ ਪ੍ਰਤੀ ਸਾਈਕਲ ਲਗਭਗ 150 ਰੁਪਏ ਤੱਕ ਦਾ ਵਾਧਾ ਕਰਨ ਬਾਰੇ ਵਿਚਾਰ ਕਰ ਸਕਦੇ ਹਨ। ਹਾਲਾਂਕਿ, ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਕੀਮਤਾਂ ਵਧਾਉਣ ਦਾ ਕੋਈ ਸਮੂਹਿਕ ਫ਼ੈਸਲਾ ਨਹੀਂ ਲਿਆ ਗਿਆ, ਸਗੋਂ ਹਰ ਨਿਰਮਾਤਾ ਆਪਣੀ ਲਾਗਤ ਅਤੇ ਬਾਜ਼ਾਰ ਦੀ ਮੰਗ ਮੁਤਾਬਕ ਖ਼ੁਦਮੁਖਤਿਆਰ ਤਰੀਕੇ ਨਾਲ ਕੀਮਤ ਤੈਅ ਕਰਨ ਲਈ ਸੁਤੰਤਰ ਹੋਵੇਗਾ।
ਇਸ ਅਹਿਮ ਬੈਠਕ ਵਿੱਚ ਜੇ.ਆਰ. ਸਿੰਗਲ (ਈਸਟਮੈਨ), ਸਚਿਨ ਲਾਕੜਾ (ਐੱਸ.ਕੇ. ਬਾਈਕਸ), ਕੇ.ਕੇ. ਸੇਠ (ਨੀਲਮ), ਰਾਕੇਸ਼ ਤੇ ਰਮੇਸ਼ ਜਿੰਦਲ (ਲੀਡਰ), ਰੋਹਨ ਸਚਦੇਵਾ (ਕੋਹਿਨੂਰ), ਯੂ.ਕੇ. ਨਾਰੰਗ (ਅਰਪਣ) ਅਤੇ ਸੁਮੇਧ ਪਾਹਵਾ (ਨੋਵਾ) ਸਮੇਤ ਕਈ ਪ੍ਰਮੁੱਖ ਉਦਯੋਗਪਤੀ ਸ਼ਾਮਲ ਹੋਏ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਜਿੰਦਲ, ਜਨਰਲ ਸਕੱਤਰ ਰੋਹਿਤ ਪਾਹਵਾ ਅਤੇ ਕੋਆਰਡੀਨੇਟਰ ਉਮੇਸ਼ ਨਾਰੰਗ ਨੇ ਆਖਿਆ ਕਿ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਉਦਯੋਗ ਗਾਹਕਾਂ ਦੀਆਂ ਲੋੜਾਂ ਅਤੇ ਬਾਜ਼ਾਰ ਵਿੱਚ ਮਿਆਰੀ ਸਪਲਾਈ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Get all latest content delivered to your email a few times a month.