IMG-LOGO
ਹੋਮ ਪੰਜਾਬ: ਗੱਦਾ ਫ਼ੈਕਟਰੀ 'ਚ ਅੱਗ ਬੁਝਾਉਂਦਿਆਂ 70% ਝੁਲਸੇ ਮਜ਼ਦੂਰ ਵਿਸ਼ਾਲ ਦੀ...

ਗੱਦਾ ਫ਼ੈਕਟਰੀ 'ਚ ਅੱਗ ਬੁਝਾਉਂਦਿਆਂ 70% ਝੁਲਸੇ ਮਜ਼ਦੂਰ ਵਿਸ਼ਾਲ ਦੀ ਮੌਤ; 25 ਘਰਾਂ 'ਚ ਆਈਆਂ ਤਰੇੜਾਂ, ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼

Admin User - Sep 04, 2026 01:28 PM
IMG

ਜਲੰਧਰ: ਇੱਥੋਂ ਦੇ ਬਸਤੀ ਪੀਰ ਦਾਦ ਰੋਡ 'ਤੇ ਸਥਿਤ 'ਮੋਦੀ ਮੈਟਰੈਸ ਫ਼ੈਕਟਰੀ' ਵਿੱਚ ਬੀਤੇ ਦਿਨੀਂ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਝੁਲਸੇ ਮਜ਼ਦੂਰ ਵਿਸ਼ਾਲ ਨੇ ਇਲਾਜ ਦੌਰਾਨ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। 70 ਫੀਸਦੀ ਤੱਕ ਝੁਲਸ ਚੁੱਕੇ ਮਜ਼ਦੂਰ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਹੀ ਰਿਹਾਇਸ਼ੀ ਇਲਾਕੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਫ਼ੈਕਟਰੀ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਖ਼ਿਲਾਫ਼ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ।


ਮ੍ਰਿਤਕ ਦੀ ਪਤਨੀ ਸ਼ਾਂਤੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਲਗਭਗ 9 ਵਜੇ ਜਦੋਂ ਸ਼ਾਰਟ ਸਰਕਟ ਕਾਰਨ ਫ਼ੈਕਟਰੀ 'ਚ ਅੱਗ ਭੜਕੀ, ਤਾਂ ਵਿਸ਼ਾਲ ਅੰਦਰੋਂ ਸਾਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਪੈਰ ਤਿਲਕਣ ਕਾਰਨ ਉਹ ਅੱਗ ਦੀਆਂ ਲਪਟਾਂ 'ਚ ਜਾ ਡਿੱਗਿਆ ਅਤੇ ਉੱਪਰੋਂ ਲੋਹੇ ਦੀ ਭਾਰੀ ਵਸਤੂ ਡਿੱਗਣ ਨਾਲ ਉਸ ਦਾ ਸਿਰ ਵੀ ਫੱਟ ਗਿਆ। ਪਰਿਵਾਰ ਦੇ ਇਕਲੌਤੇ ਕਮਾਊ ਜੀਅ ਦੀ ਮੌਤ ਨਾਲ ਉਸ ਦੀਆਂ ਦੋ ਮਾਸੂਮ ਧੀਆਂ ਅਨਾਥ ਹੋ ਗਈਆਂ ਹਨ।


ਫ਼ੈਕਟਰੀ ਅੰਦਰ ਭਾਰੀ ਮਾਤਰਾ 'ਚ ਮੌਜੂਦ ਕੈਮੀਕਲ ਅਤੇ ਐੱਲ.ਪੀ.ਜੀ. ਸਿਲੰਡਰਾਂ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ 'ਤੇ ਫਾਇਰ ਬ੍ਰਿਗੇਡ ਨੇ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। ਸਥਾਨਕ ਨਿਵਾਸੀਆਂ ਨੇ ਦੋਸ਼ ਲਾਇਆ ਕਿ ਅੱਗ ਦੀ ਤਪਸ਼ ਅਤੇ ਧਮਾਕਿਆਂ ਕਾਰਨ ਆਸ-ਪਾਸ ਦੀਆਂ ਕਰੀਬ 25 ਕੋਠੀਆਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਹਨ।


ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ 10 ਸਾਲ ਪਹਿਲਾਂ ਵੀ ਇਸੇ ਫ਼ੈਕਟਰੀ 'ਚ ਅੱਗ ਲੱਗੀ ਸੀ, ਜਿਸ ਤੋਂ ਬਾਅਦ ਮਾਲਕ ਨੇ ਉਤਪਾਦਨ ਯੂਨਿਟ ਬਾਹਰ ਸ਼ਿਫਟ ਕਰਨ ਦਾ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਰਿਹਾਇਸ਼ੀ ਖੇਤਰ 'ਚ ਗੱਦੇ ਬਣਾਉਣ ਦਾ ਕੰਮ ਲਗਾਤਾਰ ਜਾਰੀ ਸੀ। ਲੋਕਾਂ ਨੇ ਪੁਲਿਸ 'ਤੇ ਵੀ ਦੇਰੀ ਨਾਲ ਪਹੁੰਚਣ ਦੇ ਦੋਸ਼ ਲਾਏ ਹਨ। ਪ੍ਰਸ਼ਾਸਨਿਕ ਟੀਮ ਵੱਲੋਂ ਅੱਜ ਇਲਾਕੇ 'ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.