ਤਾਜਾ ਖਬਰਾਂ
ਲੁਧਿਆਣਾ: ਸਮਾਜਿਕ ਕੁਰੀਤੀਆਂ ਅਤੇ ਪੁਰਾਣੀਆਂ ਰੂੜ੍ਹੀਵਾਦੀ ਰਵਾਇਤਾਂ ਨੂੰ ਤੋੜਦਿਆਂ ਲੁਧਿਆਣਾ ਦੇ ਇਲਾਕੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਮਿਸਾਲੀ ਘਟਨਾ ਸਾਹਮਣੇ ਆਈ ਹੈ। ਬਜ਼ੁਰਗ ਮਹਿਲਾ ਸੁਖਦੇਵ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਅੰਤਿਮ ਯਾਤਰਾ ਸ਼ੁਰੂ ਹੋਈ, ਤਾਂ ਉਨ੍ਹਾਂ ਦੀਆਂ ਦੋਵਾਂ ਨੂੰਹਾਂ ਨੇ ਅਰਥੀ ਨੂੰ ਅੱਗੇ ਤੋਂ ਮੋਢਾ ਦਿੱਤਾ, ਜਦਕਿ ਪੁੱਤਰਾਂ ਨੇ ਪਿੱਛੇ ਤੋਂ ਸਹਾਰਾ ਦਿੰਦਿਆਂ ਆਪਣੀ ਮਾਂ ਨੂੰ ਸਨਮਾਨ ਨਾਲ ਆਖ਼ਰੀ ਵਿਦਾਈ ਦਿੱਤੀ। ਅੰਤਿਮ ਯਾਤਰਾ ਤੋਂ ਬਾਅਦ ਪਰਿਵਾਰ ਵੱਲੋਂ ਮਰਹੂਮ ਦੀਆਂ ਅੱਖਾਂ ਅਤੇ ਦੇਹ ਨੂੰ ਮਾਨਵ ਭਲਾਈ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਗਿਆ।
ਮਰਹੂਮ ਸੁਖਦੇਵ ਕੌਰ ਨੇ ਕਰੀਬ 10 ਸਾਲ ਪਹਿਲਾਂ ਹੀ ਪਰਿਵਾਰ ਦੀ ਸਹਿਮਤੀ ਨਾਲ ਮਰਨ ਉਪਰੰਤ ਦੇਹਦਾਨ ਕਰਨ ਦਾ ਫ਼ੈਸਲਾ ਲਿਆ ਸੀ। ਅੰਤਿਮ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ 'ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ' ਨੂੰ ਸੌਂਪੀਆਂ ਗਈਆਂ, ਜੋ ਕਿਸੇ ਨੇਤਰਹੀਣ ਵਿਅਕਤੀ ਦੀ ਜ਼ਿੰਦਗੀ 'ਚ ਨਵੀਂ ਰੌਸ਼ਨੀ ਭਰਨਗੀਆਂ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ 'ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ, ਫ਼ਿਰੋਜ਼ਪੁਰ' ਦੀ ਪ੍ਰਬੰਧਕੀ ਟੀਮ ਦੇ ਹਵਾਲੇ ਕੀਤਾ ਗਿਆ, ਜਿੱਥੇ ਭਵਿੱਖ ਦੇ ਡਾਕਟਰ ਇਸ 'ਤੇ ਪ੍ਰੈਕਟੀਕਲ ਸਿੱਖਿਆ ਅਤੇ ਖੋਜ ਕਾਰਜ ਕਰਨਗੇ।
ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਸੁਖਦੇਵ ਕੌਰ ਦੇ ਚਲਾਣੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਲਣਸਾਰ ਅਤੇ ਨੇਕਦਿਲ ਇਨਸਾਨ ਸਨ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਮਿੱਟੀ 'ਚ ਮਿਲ ਜਾਂਦਾ ਹੈ, ਪਰ ਦੇਹਦਾਨ ਅਤੇ ਨੇਤਰਦਾਨ ਵਰਗੇ ਉੱਤਮ ਕਾਰਜ ਨਾਲ ਮਾਤਾ ਸੁਖਦੇਵ ਕੌਰ ਹਮੇਸ਼ਾ ਲਈ ਅਮਰ ਹੋ ਗਏ ਹਨ। ਨੂੰਹਾਂ ਵੱਲੋਂ ਅਰਥੀ ਨੂੰ ਮੋਢਾ ਦੇਣ ਅਤੇ ਪਰਿਵਾਰ ਵੱਲੋਂ ਲਏ ਗਏ ਇਸ ਸਾਹਸੀ ਫ਼ੈਸਲੇ ਨੇ ਸਮਾਜ ਨੂੰ ਇੱਕ ਨਵੀਂ ਅਤੇ ਪ੍ਰੇਰਨਾਦਾਇਕ ਸੇਧ ਦਿੱਤੀ ਹੈ।
Get all latest content delivered to your email a few times a month.