ਤਾਜਾ ਖਬਰਾਂ
ਅਮਰੀਕਾ ਦੀ ਪ੍ਰਮੁੱਖ ਕੇਂਦਰੀ ਜਾਂਚ ਏਜੰਸੀ FBI ਨੇ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਨੂੰ ਦੇਸ਼ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀਆਂ ਅਤੇ ਭੱਜੇ ਹੋਏ ਮੁਲਜ਼ਮਾਂ (Most Wanted Fraudsters) ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਅਮਰੀਕੀ ਸਰਕਾਰ ਦੀਆਂ ਜਨਤਕ ਭਲਾਈ ਸਕੀਮਾਂ ਵਿੱਚੋਂ ਲੱਖਾਂ ਡਾਲਰਾਂ ਦਾ ਘੁਟਾਲਾ ਕਰਨ ਦੇ ਦੋਸ਼ ਹੇਠ ਉਸ ਦੀ ਭਾਲ ਕੀਤੀ ਜਾ ਰਹੀ ਹੈ। FBI ਨੇ ਬੇਦੀ ਬਾਰੇ ਠੋਸ ਜਾਣਕਾਰੀ ਦੇਣ ਜਾਂ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੇ ਲਈ 1,50,000 ਅਮਰੀਕੀ ਡਾਲਰ (ਲਗਭਗ 1.25 ਕਰੋੜ ਰੁਪਏ) ਦੇ ਇਨਾਮ ਦੀ ਘੋਸ਼ਣਾ ਕੀਤੀ ਹੈ।
ਜਾਂਚ ਏਜੰਸੀਆਂ ਅਨੁਸਾਰ, ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਚੁੱਕਾ ਮਨਜੀਤ ਬੇਦੀ ਵਾਸ਼ਿੰਗਟਨ ਦੇ ਟੈਕੋਮਾ ਵਿੱਚ 'ਏਸ਼ੀਅਨ ਗ੍ਰੋਸਰੀ ਸਟੋਰ' ਚਲਾਉਂਦਾ ਸੀ। ਉਹ ਸਰਕਾਰੀ 'ਸਪਲੀਮੈਂਟਲ ਨਿਊਟ੍ਰਿਸ਼ਨ ਅਸਿਸਟੈਂਸ ਪ੍ਰੋਗਰਾਮ' (SNAP) ਦੇ ਲਾਭਪਾਤਰੀਆਂ ਨੂੰ ਰਾਸ਼ਨ ਦੇਣ ਦੀ ਬਜਾਏ ਉਨ੍ਹਾਂ ਦੇ EBT ਕਾਰਡ ਸਵਾਈਪ ਕਰਕੇ ਅੱਧੀ ਰਕਮ ਨਕਦ ਦੇ ਦਿੰਦਾ ਸੀ ਅਤੇ ਬਾਕੀ ਅੱਧੀ ਰਕਮ ਆਪ ਹੜੱਪ ਜਾਂਦਾ ਸੀ। ਮਾਰਚ 2024 ਤੋਂ ਜੂਨ 2025 ਦੇ ਵਿਚਕਾਰ ਉਸ ਨੇ ਅਮਰੀਕੀ ਸਰਕਾਰ ਨੂੰ ਘੱਟੋ-ਘੱਟ 6 ਲੱਖ ਡਾਲਰ (ਲਗਭਗ 5 ਕਰੋੜ ਰੁਪਏ ਤੋਂ ਵੱਧ) ਦਾ ਚੂਨਾ ਲਾਇਆ।
ਅਦਾਲਤ ਵਿੱਚ ਵਾਇਰ ਫ਼ਰਾਡ ਦੇ ਦੋਸ਼ ਤੈਅ ਹੋਣ ਤੋਂ ਬਾਅਦ ਉਸ ਨੂੰ ਬਿਨਾਂ ਗ੍ਰਿਫ਼ਤਾਰ ਕੀਤੇ ਪੇਸ਼ ਹੋਣ ਦੀ ਰਾਹਤ ਦਿੱਤੀ ਗਈ ਸੀ ਅਤੇ ਪਾਸਪੋਰਟ ਜਮ੍ਹਾਂ ਕਰਵਾ ਕੇ ਵਾਸ਼ਿੰਗਟਨ 'ਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਸੀ। ਹਾਲਾਂਕਿ, ਬੇਦੀ ਅਦਾਲਤੀ ਹੁਕਮਾਂ ਦੀ ਉੱਲੰਘਣਾ ਕਰਦਿਆਂ ਸੜਕੀ ਰਸਤੇ ਕੈਨੇਡਾ ਪਹੁੰਚਿਆ ਅਤੇ ਉੱਥੋਂ ਭਾਰਤ ਭੱਜ ਗਿਆ। ਅਦਾਲਤ ਨੇ ਮਈ 'ਚ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ ਅਤੇ ਹੁਣ ਅਮਰੀਕੀ ਜਾਂਚ ਏਜੰਸੀਆਂ ਉਸ ਨੂੰ ਵਾਪਸ ਲਿਆਉਣ ਲਈ ਭਾਰਤੀ ਏਜੰਸੀਆਂ ਨਾਲ ਸੰਪਰਕ ਕਰ ਰਹੀਆਂ ਹਨ।
Get all latest content delivered to your email a few times a month.