IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਭਾਰਤੀ ਹਵਾਈ ਸੈਨਾ ‘ਚ ਮਹਿਲਾ ਅਧਿਕਾਰੀ ਦੀ ਇਤਿਹਾਸਕ ਉਪਲਬਧੀ, ਸ਼ਕਤੀ...

ਭਾਰਤੀ ਹਵਾਈ ਸੈਨਾ ‘ਚ ਮਹਿਲਾ ਅਧਿਕਾਰੀ ਦੀ ਇਤਿਹਾਸਕ ਉਪਲਬਧੀ, ਸ਼ਕਤੀ ਸ਼ਰਮਾ ਬਣੀ ਪਹਿਲੀ ਮਹਿਲਾ ਏਅਰ ਵਾਈਸ ਮਾਰਸ਼ਲ

Admin User - Sep 01, 2026 09:59 PM
IMG

ਭਾਰਤੀ ਹਵਾਈ ਸੈਨਾ ਦੀ ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਨੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਦੋ-ਸਿਤਾਰਾ ਰੈਂਕ ਹਾਸਲ ਕਰਨ ਵਾਲੀ ਪਹਿਲੀ ਗੈਰ-ਮੈਡੀਕਲ ਮਹਿਲਾ ਅਧਿਕਾਰੀ ਬਣ ਗਈ ਹੈ। ਉਨ੍ਹਾਂ ਨੇ 1 ਸਤੰਬਰ 2026 ਨੂੰ ਏਅਰ ਹੈੱਡਕੁਆਰਟਰ ਵਿਖੇ ਸਹਾਇਕ ਮੁਖੀ ਹਵਾਈ ਸਟਾਫ਼ (ਸਿੱਖਿਆ) ਵਜੋਂ ਆਪਣਾ ਅਹੁਦਾ ਸੰਭਾਲਿਆ।

ਰੱਖਿਆ ਮੰਤਰਾਲੇ ਮੁਤਾਬਕ, ਸ਼ਕਤੀ ਸ਼ਰਮਾ 18 ਜੂਨ 1994 ਨੂੰ ਭਾਰਤੀ ਹਵਾਈ ਸੈਨਾ ਦੀ ਸਿੱਖਿਆ ਸ਼ਾਖਾ ਵਿੱਚ ਸ਼ਾਮਲ ਹੋਈ ਸੀ। ਲਗਭਗ ਤਿੰਨ ਦਹਾਕਿਆਂ ਤੋਂ ਵੱਧ ਦੇ ਆਪਣੇ ਸੇਵਾ-ਕਾਲ ਦੌਰਾਨ ਉਨ੍ਹਾਂ ਨੇ ਫੀਲਡ ਸਟੇਸ਼ਨਾਂ, ਕਮਾਂਡ ਹੈੱਡਕੁਆਰਟਰਾਂ, ਟ੍ਰੇਨਿੰਗ ਸੈਂਟਰਾਂ ਅਤੇ ਏਅਰ ਹੈੱਡਕੁਆਰਟਰ ਵਿੱਚ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ।

ਆਪਣੇ ਲੰਬੇ ਫੌਜੀ ਕਰੀਅਰ ਦੌਰਾਨ ਸ਼ਕਤੀ ਸ਼ਰਮਾ ਨੇ ਕਈ ਮਹੱਤਵਪੂਰਨ ਸੰਸਥਾਗਤ ਪਹਿਲਕਦਮੀਆਂ ਵਿੱਚ ਭੂਮਿਕਾ ਨਿਭਾਈ। ਉਨ੍ਹਾਂ ਨੇ ਸਿੱਖਿਆ ਅਤੇ ਅਕਾਦਮਿਕ ਖੇਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰਣਨੀਤਕ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕੀਤਾ।

ਉਨ੍ਹਾਂ ਦੀ ਅਹਿਮ ਭੂਮਿਕਾ ਆਈਆਈਟੀ ਕਾਨਪੁਰ ਅਤੇ ਪੁਣੇ ਯੂਨੀਵਰਸਿਟੀ ਵਿੱਚ ਭਾਰਤੀ ਹਵਾਈ ਸੈਨਾ ਦੀ ‘ਚੇਅਰ ਆਫ਼ ਐਕਸੀਲੈਂਸ’ ਸਥਾਪਤ ਕਰਨ ਵਿੱਚ ਵੀ ਰਹੀ।

ਇਸ ਤੋਂ ਪਹਿਲਾਂ ਸ਼ਕਤੀ ਸ਼ਰਮਾ ਕਪੂਰਥਲਾ ਵਿਖੇ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾ ਚੁੱਕੀ ਹੈ। ਇਸ ਅਹੁਦੇ ‘ਤੇ ਪਹੁੰਚਣ ਵਾਲੀ ਉਹ ਤਿੰਨਾਂ ਹਥਿਆਰਬੰਦ ਸੈਨਾਵਾਂ ਵਿੱਚ ਪਹਿਲੀ ਮਹਿਲਾ ਅਧਿਕਾਰੀ ਰਹੀ।

ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਦੀ ਇਹ ਤਰੱਕੀ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਮਹਿਲਾਵਾਂ ਦੀ ਵਧਦੀ ਭੂਮਿਕਾ ਅਤੇ ਉਨ੍ਹਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਵੱਲ ਵਧ ਰਹੇ ਕਦਮ ਦੀ ਮਿਸਾਲ ਹੈ। ਤਿੰਨ ਦਹਾਕਿਆਂ ਤੋਂ ਵੱਧ ਲੰਬੇ ਸੇਵਾ-ਕਾਲ ਵਿੱਚ ਹਾਸਲ ਕੀਤੀ ਇਹ ਉਪਲਬਧੀ ਉਨ੍ਹਾਂ ਦੇ ਸ਼ਾਨਦਾਰ ਫੌਜੀ ਕਰੀਅਰ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਮੰਨੀ ਜਾ ਰਹੀ ਹੈ।

ਸ਼ਕਤੀ ਸ਼ਰਮਾ ਦੀ ਕਾਮਯਾਬੀ ਨਾ ਸਿਰਫ਼ ਭਾਰਤੀ ਹਵਾਈ ਸੈਨਾ ਲਈ ਮਾਣ ਵਾਲੀ ਗੱਲ ਹੈ, ਸਗੋਂ ਫੌਜ ਵਿੱਚ ਕਰੀਅਰ ਬਣਾਉਣ ਦਾ ਸੁਪਨਾ ਦੇਖ ਰਹੀਆਂ ਹਜ਼ਾਰਾਂ ਮਹਿਲਾਵਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.