ਤਾਜਾ ਖਬਰਾਂ
ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਰਜ਼ੀਆਂ ਦੇ ਨਿਯਮਾਂ ਵਿੱਚ ਵੱਡਾ ਫੇਰਬਦਲ ਕਰਦਿਆਂ ਵਿੱਤੀ ਸ਼ਰਤਾਂ ਹੋਰ ਸਖ਼ਤ ਕਰ ਦਿੱਤੀਆਂ ਹਨ। 1 ਸਤੰਬਰ 2026 ਤੋਂ ਲਾਗੂ ਨਵੇਂ ਨਿਯਮਾਂ ਮੁਤਾਬਕ, ਹੁਣ ਵਿਦਿਆਰਥੀਆਂ ਨੂੰ ਆਪਣੇ ਸਾਲਾਨਾ ਜੀਵਨ-ਯਾਪਨ (Living Expenses) ਲਈ ਘੱਟੋ-ਘੱਟ 23,448 ਕੈਨੇਡੀਅਨ ਡਾਲਰ ਦਿਖਾਉਣੇ ਲਾਜ਼ਮੀ ਹੋਣਗੇ। ਇਹ ਰਕਮ ਟਿਊਸ਼ਨ ਫ਼ੀਸ ਅਤੇ ਆਉਣ-ਜਾਣ ਦੇ ਯਾਤਰਾ ਖ਼ਰਚਿਆਂ ਤੋਂ ਵੱਖਰੀ ਹੋਵੇਗੀ।
ਜ਼ਿਕਰਯੋਗ ਹੈ ਕਿ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇਹ ਲਾਜ਼ਮੀ ਰਕਮ ਮਹਿਜ਼ 10,000 ਡਾਲਰ ਤੈਅ ਕੀਤੀ ਗਈ ਸੀ, ਜੋ ਸਾਲ 2015 ਤੋਂ 2023 ਤੱਕ ਬਿਨਾਂ ਕਿਸੇ ਵਾਧੇ ਦੇ ਇੱਕੋ ਜਗ੍ਹਾ 'ਤੇ ਰਹੀ। ਇਸ ਤੋਂ ਬਾਅਦ 1 ਜਨਵਰੀ 2024 ਨੂੰ ਇਸ ਨੂੰ ਵਧਾ ਕੇ 20,635 ਡਾਲਰ ਕੀਤਾ ਗਿਆ ਅਤੇ ਹੁਣ 1 ਸਤੰਬਰ 2026 ਤੋਂ ਇਹ 23,448 ਡਾਲਰ ਤੱਕ ਪਹੁੰਚ ਗਈ ਹੈ। ਮੂਲ ਰਕਮ ਵਿੱਚ ਕੁੱਲ 13,448 ਡਾਲਰ (ਲਗਭਗ 134.5%) ਦਾ ਇਜ਼ਾਫ਼ਾ ਹੋਇਆ ਹੈ। ਕੈਨੇਡੀਅਨ ਸਰਕਾਰ ਨੇ ਸਾਫ਼ ਕੀਤਾ ਹੈ ਕਿ ਅੱਗੇ ਤੋਂ ਹਰ ਸਾਲ ਸਤੰਬਰ ਮਹੀਨੇ ਮਹਿੰਗਾਈ ਦੀ ਦਰ ਅਨੁਸਾਰ ਇਸ ਰਕਮ ਵਿੱਚ ਸੋਧ ਕੀਤੀ ਜਾਵੇਗੀ।
ਕੈਨੇਡਾ ਦੀਆਂ ਬਦਲਦੀਆਂ ਨੀਤੀਆਂ ਦੇ ਮੱਦੇਨਜ਼ਰ ਪੰਜਾਬ ਸਮੇਤ ਪੂਰੇ ਦੇਸ਼ ਦੇ ਪਰਿਵਾਰਾਂ ਲਈ ਹੁਣ ਪੂਰਾ ਹਿਸਾਬ-ਕਿਤਾਬ ਲਗਾ ਕੇ ਹੀ ਫ਼ੈਸਲਾ ਲੈਣਾ ਜ਼ਰੂਰੀ ਹੋ ਗਿਆ ਹੈ। ਏਜੰਟਾਂ ਦੇ ਇਸ ਦਾਅਵੇ 'ਚ ਆ ਕੇ ਕਿ "ਪੜ੍ਹਾਈ ਖ਼ਤਮ ਹੁੰਦਿਆਂ ਹੀ PR ਪੱਕੀ ਹੈ", ਆਪਣੀ ਜਮੀਨ-ਜਾਇਦਾਦ ਜਾਂ ਬਚਤ ਦਾਅ 'ਤੇ ਲਗਾਉਣਾ ਭਾਰੀ ਪੈ ਸਕਦਾ ਹੈ। ਵਿਦਿਆਰਥੀ ਸਿਰਫ਼ ਪਾਰਟ-ਟਾਈਮ ਕਮਾਈ ਦੇ ਭਰੋਸੇ ਆਪਣੀ ਫ਼ੀਸ, ਰਹਿਣ-ਸਹਿਣ ਦਾ ਖ਼ਰਚਾ ਅਤੇ ਭਾਰਤ ਤੋਂ ਲਿਆ ਕਰਜ਼ਾ ਉਤਾਰਨ ਦੀ ਆਸ ਨਾ ਰੱਖਣ।
ਕੈਨੇਡਾ ਵਿੱਚ ਪੱਕੀ ਰਿਹਾਇਸ਼ (PR) ਪ੍ਰਾਪਤ ਕਰਨਾ ਹੁਣ ਕੋਈ ਆਪਣੇ-ਆਪ ਮਿਲਣ ਵਾਲਾ ਰਸਤਾ ਨਹੀਂ ਰਿਹਾ। ਵਿਦਿਆਰਥੀਆਂ ਨੂੰ ਪਹਿਲਾਂ ਆਪਣੀ ਪੜ੍ਹਾਈ ਸਫ਼ਲਤਾਪੂਰਵਕ ਪੂਰੀ ਕਰਕੇ PGWP (Post-Graduation Work Permit) ਦੀ ਯੋਗਤਾ ਹਾਸਲ ਕਰਨੀ ਪਵੇਗੀ, ਜਿਸ ਤੋਂ ਬਾਅਦ ਸਥਾਨਕ ਲੇਬਰ ਮਾਰਕੀਟ ਅਤੇ ਇਮੀਗ੍ਰੇਸ਼ਨ ਪ੍ਰੋਗਰਾਮ ਦੀਆਂ ਕੜੀਆਂ ਸ਼ਰਤਾਂ 'ਤੇ ਖ਼ਰਾ ਉੱਤਰਨਾ ਹੋਵੇਗਾ। 50 ਤੋਂ 70 ਲੱਖ ਰੁਪਏ ਤੱਕ ਖ਼ਰਚਣ ਵਾਲੇ ਪਰਿਵਾਰਾਂ ਨੂੰ ਭਾਵਨਾਵਾਂ ਵਿੱਚ ਵਹਿਣ ਦੀ ਬਜਾਏ ਠੋਸ ਯੋਜਨਾਬੰਦੀ ਨਾਲ ਕਦਮ ਚੁੱਕਣ ਦੀ ਲੋੜ ਹੈ।
Get all latest content delivered to your email a few times a month.