ਤਾਜਾ ਖਬਰਾਂ
ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਡਾ. ਸਤੀਸ਼ ਪੂਨੀਆ ਦੇ ਜਲੰਧਰ ਦੌਰੇ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਜ਼ੋਰਦਾਰ ਹੰਗਾਮਾ ਕੀਤਾ। ਲਾਇਨਜ਼ ਕਲੱਬ ਵਿਖੇ ਹੋਣ ਵਾਲੇ ਪ੍ਰੋਗਰਾਮ 'ਚ ਡਾ. ਪੂਨੀਆ ਦੇ ਪਹੁੰਚਣ ਤੋਂ ਪਹਿਲਾਂ ਹੀ 'ਆਪ' ਨੇਤਾ ਅਤੇ ਵਰਕਰ ਵੱਡੀ ਗਿਣਤੀ 'ਚ ਉੱਥੇ ਇਕੱਠੇ ਹੋ ਗਏ ਅਤੇ ਭਾਰਤੀ ਜਨਤਾ ਪਾਰਟੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਸਥਿਤੀ ਨੂੰ ਵਿਗੜਦੀ ਦੇਖ ਕੇ ਮੌਕੇ 'ਤੇ ਤਾਇਨਾਤ ਪੁਲਿਸ ਪ੍ਰਸ਼ਾਸਨ ਨੇ ਲਾਇਨਜ਼ ਕਲੱਬ ਦੇ ਬਾਹਰ ਸਖ਼ਤ ਬੈਰੀਕੇਡਿੰਗ ਕਰ ਦਿੱਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਹੱਥਾਂ 'ਚ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਕਰ ਰਹੇ 'ਆਪ' ਆਗੂਆਂ ਨੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੀਆਂ ਤਖ਼ਤੀਆਂ 'ਤੇ 'ਕਾਂਗਰਸ ਕਾਤਲ, ਭਾਜਪਾ ਹਮਦਰਦ' ਵਰਗੇ ਬੈਨਰ ਲਿਖੇ ਹੋਏ ਸਨ।
ਦੱਸਣਯੋਗ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਦੋਸ਼ੀ ਅਤੇ ਸਾਬਕਾ ਕਾਂਗਰਸੀ MP ਸੱਜਣ ਕੁਮਾਰ ਦੇ ਦੇਹਾਂਤ ਤੋਂ ਬਾਅਦ ਦਿੱਲੀ ਤੋਂ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ—ਰਾਮਵੀਰ ਸਿੰਘ ਬਿਧੂੜੀ, ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ—ਵੱਲੋਂ ਉਸ ਦੇ ਘਰ ਜਾ ਕੇ ਦੁੱਖ ਪ੍ਰਗਟਾਉਣ 'ਤੇ ਪੰਜਾਬ 'ਚ ਵਿਰੋਧ ਦੀ ਅੱਗ ਭੜਕੀ ਹੋਈ ਹੈ। 'ਆਪ' ਵੱਲੋਂ ਇਸ ਮੁੱਦੇ 'ਤੇ ਪੂਰੇ ਸੂਬੇ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਤਿੰਨਾਂ ਸੰਸਦ ਮੈਂਬਰਾਂ ਨੂੰ ਦਿੱਲੀ ਤਲਬ ਕਰਕੇ ਤਿੱਖੀ ਫਟਕਾਰ ਲਗਾਈ ਹੈ। ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਨੁਸ਼ਾਸਨਹੀਣਤਾ ਜਾਂ ਵਿਵਾਦਪੂਰਨ ਕਦਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Get all latest content delivered to your email a few times a month.