ਤਾਜਾ ਖਬਰਾਂ
ਚੰਡੀਗੜ੍ਹ, 30 ਅਗਸਤ-
ਬਾਲਾਜੀ ਸਕੇਟਰਜ਼ ਵੱਲੋਂ ਯੂਨਾਈਟਿਡ ਰੋਲਰਜ਼ ਸਪੋਰਟਸ ਕਲੱਬ, ਢੇਲਪੁਰ ਵਿਖੇ 30 ਅਗਸਤ ਨੂੰ ਪਹਿਲੀ ਪ੍ਰੇਰਨਾਦਾਇਕ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਅੰਡਰ-6 ਤੋਂ ਲੈ ਕੇ 15 ਸਾਲ ਤੋਂ ਵੱਧ ਉਮਰ ਵਰਗ ਤੱਕ ਦੇ ਲੜਕੇ ਅਤੇ ਲੜਕੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਚੈਂਪੀਅਨਸ਼ਿਪ ਵਿੱਚ ਬਿਗਿਨਰ ਸਕੇਟਸ, ਡੈਕਾਥਲਾਨ, ਕਵਾਡਜ਼ ਅਤੇ ਪ੍ਰੋਫੈਸ਼ਨਲ ਸਕੇਟਸ ਸਮੇਤ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ, ਜਿਸ ਨਾਲ ਟ੍ਰਾਈਸਿਟੀ ਅਤੇ ਨੇੜਲੇ ਇਲਾਕਿਆਂ ਦੇ ਨੌਜਵਾਨ ਸਕੇਟਿੰਗ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ।
ਰਾਹੁਲ ਸਪੀਡ ਸਕੇਟਿੰਗ ਅਕੈਡਮੀ (ਆਰਐੱਸਐੱਸਏ), ਚੰਡੀਗੜ੍ਹ ਦੇ ਅਰਮਾਨ ਵਰਮਾ ਨੇ ਲੜਕਿਆਂ ਦੇ 6 ਤੋਂ 8 ਸਾਲ ਉਮਰ ਵਰਗ ਦੇ ਇਨਲਾਈਨ ਪ੍ਰੋਫੈਸ਼ਨਲ ਸਕੇਟਿੰਗ ਮੁਕਾਬਲੇ ਵਿੱਚ ਗਰੁੱਪ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਉਸ ਨੇ ਇਕ ਲੈਪ ਅਤੇ ਦੋ ਲੈਪ ਦੋਵਾਂ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ ਅਤੇ 2,100 ਰੁਪਏ ਦਾ ਨਕਦ ਇਨਾਮ ਵੀ ਹਾਸਲ ਕੀਤਾ। ਅਦਵਿਕ ਅਤੇ ਅਯਾਨ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕਿਆਂ ਦੇ 8 ਤੋਂ 10 ਸਾਲ ਉਮਰ ਵਰਗ ਦੇ ਇਨਲਾਈਨ ਪ੍ਰੋਫੈਸ਼ਨਲ ਸਕੇਟਸ ਮੁਕਾਬਲੇ ਵਿੱਚ ਰੋਲਿੰਗ ਟਾਈਗਰਜ਼ ਅਕੈਡਮੀ ਦੇ ਵਿਹਾਨ ਖੁੱਲਰ ਨੇ ਸੋਨ ਤਗਮਾ ਜਿੱਤਿਆ, ਜਦਕਿ ਆਰਐੱਸਐੱਸਏ ਦੇ ਅਵੀਰਾਜ ਅਤੇ ਪਲਵਿਤ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ। ਇਸ ਤੋਂ ਇਲਾਵਾ ਵੱਖ-ਵੱਖ ਹੋਰ ਵਰਗਾਂ ਵਿੱਚ ਵੀ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਮ ਹਾਸਲ ਕੀਤੇ।
ਚੈਂਪੀਅਨਸ਼ਿਪ ਦਾ ਸਮਾਪਨ ਸਮੇਂ ਸਿਰ, ਖੁਸ਼ਗਵਾਰ ਅਤੇ ਸਦਭਾਵਨਾਪੂਰਨ ਮਾਹੌਲ ਵਿੱਚ ਹੋਇਆ। ਇਸ ਮੁਕਾਬਲੇ ਨੇ ਟ੍ਰਾਈਸਿਟੀ ਅਤੇ ਨੇੜਲੇ ਇਲਾਕਿਆਂ ਦੇ ਨੌਜਵਾਨ ਸਕੇਟਿੰਗ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।
Get all latest content delivered to your email a few times a month.