ਤਾਜਾ ਖਬਰਾਂ
ਪਿੰਡ ਦੇ ਸਰਪੰਚ ਅੰਗਰੇਜ ਸਿੰਘ, ਪੰਚਾਇਤ ਮੈਂਬਰ ਜਗਦੀਸ਼ ਸਿੰਘ ਫੌਜੀ, ਸਾਹਿਬ ਸਿੰਘ ਸਮੇਤ ਦਵਿੰਦਰ ਕੌਰ ਅਤੇ ਰੇਸ਼ਮ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਵਿੱਚ ‘ਸਾਹਿਬ ਸਿੰਘ ਪੁੱਤਰ ਦਰਸ਼ਨ ਸਿੰਘ’ ਨਾਮ ਦੇ ਦੋ ਵਿਅਕਤੀ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁੱਟਮਾਰ ਦੇ ਮਾਮਲੇ ਵਿੱਚ ਸ਼ਿਕਾਇਤ ਦੇਣ ਵਾਲਾ ਸਾਹਿਬ ਸਿੰਘ ਬਿਲਕੁਲ ਜ਼ਿੰਦਾ ਹੈ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵੱਲੋਂ ਆਪਣੇ ਬਚਾਅ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਸਾਹਿਬ ਸਿੰਘ ਦੀ ਕਰੀਬ 12 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਦਾਅਵੇ ਨੂੰ ਗਲਤ ਸਾਬਤ ਕਰਨ ਲਈ ਉਨ੍ਹਾਂ 2024 ਵਿੱਚ ਕਾਂਗਰਸੀ ਸਰਪੰਚ ਵੱਲੋਂ ਤਸਦੀਕ ਕੀਤਾ ਗਿਆ ਸਾਹਿਬ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਆਮਦਨ ਸਰਟੀਫਿਕੇਟ ਵੀ ਪੇਸ਼ ਕੀਤਾ।
ਹਾਲਾਂਕਿ ਵਿਰੋਧੀ ਧਿਰ ਦੇ ਸਾਬਕਾ ਸਰਪੰਚ ਰਿੰਕੂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਦਸਤਾਵੇਜ਼ਾਂ ’ਤੇ ਨੰਬਰਦਾਰ ਦੀ ਤਸਦੀਕ ਦੇ ਆਧਾਰ ’ਤੇ ਹੀ ਦਸਤਖ਼ਤ ਕੀਤੇ ਗਏ ਸਨ।
ਸਾਬਕਾ ਸਰਪੰਚ ਨੇ ਇਹ ਵੀ ਦਾਅਵਾ ਕੀਤਾ ਕਿ ਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ ਦੇ ਨਾਮ ’ਤੇ ਵੋਟ ਬਣੀ ਹੋਈ ਹੈ, ਜਦਕਿ ਆਧਾਰ ਕਾਰਡ ਵਿੱਚ ਪਿਤਾ ਦਾ ਨਾਮ ਦਰਸ਼ਨ ਸਿੰਘ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ।
ਉੱਧਰ, ਨੰਬਰਦਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਸਾਹਿਬ ਸਿੰਘ ਦੀ ਪਛਾਣ ਚਿਹਰਾ ਵੇਖ ਕੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਫਾਰਮਾਂ ਦੀ ਤਸਦੀਕ ਕਰਦੇ ਸਮੇਂ ਪਿੱਛੇ ਦਰਜ ਪਿਤਾ ਦੇ ਨਾਮ ਦੀ ਜਾਂਚ ਨਹੀਂ ਕੀਤੀ ਗਈ ਸੀ।
ਫਿਲਹਾਲ, ਸਾਹਿਬ ਸਿੰਘ ਦੀ ਮੌਤ ਸਬੰਧੀ ਸੋਸ਼ਲ ਮੀਡੀਆ ’ਤੇ ਚੱਲ ਰਹੇ ਦਾਅਵਿਆਂ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਵੱਖ-ਵੱਖ ਪੱਖ ਸਾਹਮਣੇ ਆ ਰਹੇ ਹਨ। ਮਾਮਲੇ ਦੀ ਅਸਲ ਸਥਿਤੀ ਦਸਤਾਵੇਜ਼ਾਂ ਅਤੇ ਅਧਿਕਾਰਤ ਜਾਂਚ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ।
Get all latest content delivered to your email a few times a month.