IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਨੇ ਉਦਯੋਗਿਕ ਕੇਂਦਰਾਂ ਨੇੜੇ ਵਿਸ਼ਵ ਪੱਧਰੀ ਟੈਸਟਿੰਗ ਸਹੂਲਤਾਂ...

ਪੰਜਾਬ ਸਰਕਾਰ ਨੇ ਉਦਯੋਗਿਕ ਕੇਂਦਰਾਂ ਨੇੜੇ ਵਿਸ਼ਵ ਪੱਧਰੀ ਟੈਸਟਿੰਗ ਸਹੂਲਤਾਂ ਸਥਾਪਤ ਕਰਨ ਲਈ ਨੈਸ਼ਨਲ ਟੈਸਟ ਹਾਊਸ ਨਾਲ ਹੱਥ ਮਿਲਾਇਆ: ਅਮਨ ਅਰੋੜਾ

Admin User - Aug 30, 2026 04:43 PM
IMG

ਚੰਡੀਗੜ੍ਹ, 30 ਅਗਸਤ:

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੇ ਉਦਯੋਗਿਕ ਈਕੋਸਿਸਟਮ ਅਤੇ ਇਸ ਦੀਆਂ ਵਿਸ਼ਵਵਿਆਪੀ ਸਮਰੱਥਾਵਾਂ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਵਿਸ਼ਵ ਪੱਧਰੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਸਹੂਲਤਾਂ ਸੂਬੇ ਦੇ ਉਦਯੋਗਿਕ ਕੇਂਦਰਾਂ ਨੂੰ ਉਨ੍ਹਾਂ ਦੇ ਨਜ਼ਦੀਕ ਪ੍ਰਦਾਨ ਕਰਨ ਵਾਸਤੇ ਨੈਸ਼ਨਲ ਟੈਸਟ ਹਾਊਸ (ਐਨ.ਟੀ.ਐਚ.) ਨਾਲ ਭਾਈਵਾਲੀ ਕੀਤੀ ਹੈ। ਇਹ ਭਾਈਵਾਲੀ ਕੰਪਲਾਇੰਸ ਲਾਗਤਾਂ ਅਤੇ ਮਿਆਰੀ ਉਤਪਾਦਾਂ ਦੇ ਨਿਰਮਾਣ ‘ਤੇ ਲੱਗਣ ਵਾਲਾ ਸਮਾਂ ਘਟਾਉਣ ਦੇ ਨਾਲ ਨਾਲ ਐਮ.ਐਸ.ਐਮ.ਈਜ਼ ਅਤੇ ਨਿਰਯਾਤਕਾਂ ਲਈ ਬਿਹਤਰ ਲਾਭ ਯਕੀਨੀ ਬਣਾਏਗੀ। 

ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਅਤੇ ਐਨ.ਟੀ.ਐਚ. ਦਰਿਮਆਨ ਇਹ ਭਾਈਵਾਲੀ ਬੰਗਲੁਰੂ ਵਿੱਚ ਐਨ.ਟੀ.ਐਚ. ਦੇ 115ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਕੀਤੀ ਗਈ। ਇਸ ਸਮਝੌਤੇ ਦੇ ਦਸਤਾਵੇਜ਼ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ ਅਤੇ ਐਨ.ਟੀ.ਐਚ. ਦੇ ਡਾਇਰੈਕਟਰ ਜਨਰਲ ਡਾ. ਆਲੋਕ ਕੁਮਾਰ ਸ੍ਰੀਵਾਸਤਵ ਦਰਮਿਆਨ ਐਕਸਚੇਂਜ ਕੀਤੇ ਗਏ।


ਇਸ ਭਾਈਵਾਲੀ ਦਾ ਸਵਾਗਤ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ, “ਪੰਜਾਬ ਦੇ ਐਮ.ਐਸ.ਐਮ.ਈਜ਼ ਅਤੇ ਨਿਰਯਾਤਕ ਗੁਣਵੱਤਾ ਰਾਹੀਂ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚ ਬਣਾ ਸਕਦੇ ਹਨ। ਸਾਡੇ ਉਦਯੋਗਿਕ ਕਲੱਸਟਰਾਂ ਦੇ ਨੇੜੇ ਉੱਨਤ ਟੈਸਟਿੰਗ ਸਹੂਲਤਾਂ ਲਿਆ ਕੇ, ਅਸੀਂ ਸਥਾਨਕ ਉੱਦਮਾਂ ਨੂੰ ਉਤਪਾਦ ਦੀ ਗੁਣਵੱਤਾ ਵਧਾਉਣ, ਨਿਯਮਾਂ ਦੀ ਪਾਲਣਾ ਸਬੰਧੀ ਲਾਗਤਾਂ ਨੂੰ ਘਟਾਉਣ ਅਤੇ ਵਿਸ਼ਵ ਪੱਧਰ 'ਤੇ ਵਧੇਰੇ ਵਿਸ਼ਵਾਸ ਨਾਲ ਮੁਕਾਬਲਾ ਕਰਨ ਵਿੱਚ ਮਦਦ ਕਰਾਂਗੇ।”


ਇਸ ਸਮਝੌਤੇ ਦੇ ਹਿੱਸੇ ਵਜੋਂ, ਨਾਰਥਨ ਇੰਡੀਅਨ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਐਨਆਈਆਈਐਫਟੀ), ਜਲੰਧਰ ਵਿਖੇ ਇੱਕ ਅਤਿ-ਆਧੁਨਿਕ ਐਨਟੀਐਚ ਲੈਬ ਸਥਾਪਤ ਕੀਤੀ ਜਾਵੇਗੀ, ਜੋ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੇ ਉਦਯੋਗਿਕ ਕੇਂਦਰਾਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਹੂਲਤ ਖੇਡਾਂ ਦੇ ਸਮਾਨ, ਟੈਕਸਟਾਈਲ, ਚਮੜਾ, ਹੈਂਡ ਟੂਲ, ਆਟੋ ਕੰਪੋਨੈਂਟ ਅਤੇ ਫੂਡ ਪ੍ਰੋਸੈਸਿੰਗ ਸਮੇਤ ਮੁੱਖ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।


ਉਦਯੋਗ ਮੰਤਰੀ ਨੇ ਕਿਹਾ ਕਿ ਐਨਟੀਐਚ, ਜੋ ਕਿ ਖ਼ਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ, ਨੇ ਡਰੋਨ ਸਰਟੀਫਿਕੇਸ਼ਨ, ਈਵੀ ਬੈਟਰੀ ਟੈਸਟਿੰਗ ਅਤੇ ਆਰਗੈਨਿਕ ਫੂਡ ਟੈਸਟਿੰਗ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਆਪਣੀ ਮੁਹਾਰਤ ਦਾ ਵਿਸਥਾਰ ਕੀਤਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਟੈਸਟਿੰਗ ਵਿੱਚ ਇਸ ਦੀਆਂ ਸਮਰੱਥਾਵਾਂ ਪੰਜਾਬ ਦੀ ਨਿਰਮਾਣ ਪ੍ਰਤੀਯੋਗਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਇੱਕ ਮਜ਼ਬੂਤ ਟੈਸਟਿੰਗ ਈਕੋਸਿਸਟਮ ਬਣਾਉਣ ਸਬੰਧੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਕੌਮਾਂਤਰੀ ਮਾਪਦੰਡਾਂ ਦੇ ਕੰਪਲਾਇੰਸ ਵਿੱਚ ਤੇਜ਼ੀ ਆਵੇਗੀ ਅਤੇ ਨਿਰਯਾਤ-ਮੁਖੀ ਨਿਰਮਾਣ ਯੂਨਿਟਾਂ ਅਤੇ ਐਮ.ਐਸ.ਐਮ.ਈਜ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੁਣਵੱਤਾ ਦੇ ਮਾਪਦੰਡਾਂ ‘ਤੇ ਖਰਾ ਉਤਰਨ ਵਿੱਚ ਸਹਾਇਤਾ ਮਿਲੇਗੀ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਉਦਯੋਗਿਕ ਕਲੱਸਟਰਾਂ ਦੇ ਨੇੜੇ ਅਤਿ-ਆਧੁਨਿਕ ਟੈਸਟਿੰਗ ਸੁਵਿਧਾਵਾਂ ਉਪਲਬਧ ਕਰਵਾਉਣਾ ਬੇਹੱਦ ਲਾਭਕਾਰੀ ਸਿੱਧ ਹੋਵੇਗਾ ਅਤੇ ਇਸ ਨਾਲ ਉਤਪਾਦ ਦੇ ਨਿਰਮਾਣ ‘ਤੇ ਲੱਗਣ ਵਾਲੇ ਸਮੇਂ ਨੂੰ ਘਟਾਉਣ ਅਤੇ ਗੁਣਵੱਤਾ ਵਿੱਚ ਹੋਰ ਵਾਧਾ ਕਰਨ ਵਿੱਚ ਮਦਦ ਮਿਲੇਗੀ। ਇਹ ਭਾਈਵਾਲੀ ਐਨ.ਟੀ.ਐਚ. ਦੀ ਤਕਨੀਕੀ ਮੁਹਾਰਤ ਅਤੇ ਪੰਜਾਬ ਦੀਆਂ ਨਿਰਮਾਣ ਸਮਰੱਥਾਵਾਂ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਪੈਦਾ ਕਰੇਗੀ ਜਿਸ ਨਾਲ ਸੂਬਾ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਨਿਰਮਾਣ ਲਈ ਇੱਕ ਪਸੰਦੀਦਾ ਹੱਬ ਵਜੋਂ ਉਭਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.