ਤਾਜਾ ਖਬਰਾਂ
ਹਲਕਾ ਖਡੂਰ ਸਾਹਿਬ ਦੇ ਪਿੰਡ ਦੇਊ ਬਾਠ ਵਿੱਚ ਪੁਲਿਸ ਦੀ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਧੱਜੀ ਉਡਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਰ 'ਚੋਂ 22 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਸ਼ੱਕ ਵਿੱਚ ਪੁਲਿਸ ਨੇ ਇੱਕ ਘਰੇਲੂ ਕੰਮ ਕਰਨ ਵਾਲੀ ਅਨਾਥ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਕਥਿਤ ਤੌਰ 'ਤੇ ਅੰਨ੍ਹਾ ਥਰਡ ਡਿਗਰੀ ਟਾਰਚਰ ਦਿੱਤਾ। ਪੁੱਛਗਿੱਛ ਦੌਰਾਨ ਬੇਕਸੂਰ ਸਾਬਤ ਹੋਣ 'ਤੇ ਪੁਲਿਸ ਪਾਰਟੀ ਸ਼ੁੱਕਰਵਾਰ ਅੱਧੀ ਰਾਤ ਨੂੰ ਪੀੜਤਾ ਨੂੰ ਰੇਲਵੇ ਫਾਟਕ ਨੇੜੇ ਸੁੰਨਸਾਨ ਜਗ੍ਹਾ 'ਚ ਛੱਡ ਕੇ ਫਰਾਰ ਹੋ ਗਈ।
ਪੀੜਤ ਲੜਕੀ ਰਾਜ ਕੌਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਛੱਤਰ-ਛਾਇਆ ਨਹੀਂ ਹੈ ਅਤੇ ਉਹ ਗੁਜ਼ਾਰੇ ਲਈ ਪਿੰਡ ਦੇ ਹੀ ਇੱਕ ਘਰ ਵਿੱਚ ਕੰਮ ਕਰਦੀ ਸੀ। ਸ਼ੁੱਕਰਵਾਰ ਦੁਪਹਿਰ ਥਾਣਾ ਸਦਰ ਦੀ ਪੁਲਿਸ ਉਸ ਨੂੰ ਮਹਿਜ਼ ਜ਼ੁਬਾਨੀ ਪੁੱਛਗਿੱਛ ਦਾ ਬਹਾਨਾ ਬਣਾ ਕੇ ਨਾਲ ਲੈ ਗਈ। ਥਾਣੇ ਲਿਜਾ ਕੇ ਇੰਸਪੈਕਟਰ ਬਲਜੀਤ ਸਿੰਘ ਵੜੈਚ ਦੀ ਮੌਜੂਦਗੀ 'ਚ ਏ.ਐੱਸ.ਆਈ., ਮੁਨਸ਼ੀ ਅਤੇ ਦੋ ਮਹਿਲਾ ਕਾਂਸਟੇਬਲਾਂ ਨੇ ਉਸ ਨਾਲ ਬੇਰਹਮੀ ਨਾਲ ਧੱਕਾਮੁੱਕੀ ਕੀਤੀ। ਉਸ ਦੇ ਲੱਤਾਂ-ਪੈਰਾਂ 'ਤੇ ਡੰਡੇ ਬਰਸਾਏ ਗਏ ਅਤੇ ਸਿਰ 'ਚ ਚੱਪਲਾਂ ਮਾਰ ਕੇ ਅਪਮਾਨਿਤ ਕੀਤਾ ਗਿਆ।
ਰਾਤ ਵੇਲੇ ਜਦੋਂ ਲੜਕੀ ਬੇਕਸੂਰ ਪਾਈ ਗਈ ਤਾਂ ਪੁਲਿਸ ਨੇ ਪਿੰਡ ਦੇ ਪੰਚ ਮੁਖਤਿਆਰ ਸਿੰਘ ਨੂੰ ਬੁਲਾ ਕੇ ਲੜਕੀ ਉਨ੍ਹਾਂ ਦੇ ਹਵਾਲੇ ਕੀਤੀ। ਪੰਚ ਮੁਖਤਿਆਰ ਸਿੰਘ ਨੇ ਤੁਰੰਤ ਮਾਮਲਾ ਆਪਣੇ ਰਿਸ਼ਤੇਦਾਰ ਅਤੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਧਿਆਨ 'ਚ ਲਿਆਂਦਾ। ਵਿਧਾਇਕ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਫਟਕਾਰ ਲਗਾਉਣ ਤੋਂ ਬਾਅਦ ਸ਼ਨੀਵਾਰ ਨੂੰ ਸਿਵਲ ਹਸਪਤਾਲ 'ਚ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ। ਪੰਚਾਇਤ ਅਨੁਸਾਰ ਪੁਲਿਸ ਦੀ ਇਸ ਗੈਰ-ਕਾਨੂੰਨੀ ਹਿਰਾਸਤ ਅਤੇ ਤਸ਼ੱਦਦ ਖ਼ਿਲਾਫ਼ ਸੋਮਵਾਰ ਨੂੰ ਸੀ.ਟੀ. ਸਕੈਨ ਕਰਵਾ ਕੇ ਅਦਾਲਤ 'ਚ ਕਾਨੂੰਨੀ ਲੜਾਈ ਲੜੀ ਜਾਵੇਗੀ।
ਦੂਜੇ ਪਾਸੇ, ਘਰ ਦੀ ਮਾਲਕਣ ਨੇ ਆਪਣੇ ਇਲਜ਼ਾਮਾਂ 'ਤੇ ਅੜੇ ਰਹਿੰਦਿਆਂ ਕਿਹਾ ਕਿ ਉਨ੍ਹਾਂ ਨੇ ਲੜਕੀ ਨੂੰ ਧੀ ਵਾਂਗ ਰੱਖਿਆ ਸੀ। ਗਹਿਣੇ ਗਾਇਬ ਹੋਣ ਤੋਂ ਬਾਅਦ ਅੰਦਰੂਨੀ ਗੱਲਬਾਤ ਅਤੇ ਪਿੰਡ ਦੀ ਪੰਚਾਇਤ ਦੀ ਮੋਹਰੀ ਭੂਮਿਕਾ ਤੋਂ ਬਾਅਦ ਹੀ ਪਰਿਵਾਰਕ ਸਹਿਮਤੀ ਨਾਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਅਜੇ ਵੀ ਪੂਰਾ ਯਕੀਨ ਹੈ ਕਿ ਚੋਰੀ ਉਸੇ ਲੜਕੀ ਨੇ ਕੀਤੀ ਹੈ।
Get all latest content delivered to your email a few times a month.