ਤਾਜਾ ਖਬਰਾਂ
ਸਬਜ਼ੀ ਵਿਕਰੇਤਾਵਾਂ ਮੁਤਾਬਕ ਕੀਮਤਾਂ ਵਧਣ ਦਾ ਇੱਕ ਵੱਡਾ ਕਾਰਨ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਹੈ। ਲਗਾਤਾਰ ਮੀਂਹ ਕਾਰਨ ਕਈ ਥਾਵਾਂ ’ਤੇ ਸਬਜ਼ੀਆਂ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਇਸ ਦੇ ਨਾਲ ਹੀ ਆਵਾਜਾਈ ਵਿੱਚ ਵੀ ਰੁਕਾਵਟਾਂ ਪੈਦਾ ਹੋਣ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦ ਘਟੀ ਹੈ।
ਜਦੋਂ ਮੰਡੀਆਂ ਵਿੱਚ ਸਪਲਾਈ ਘਟਦੀ ਹੈ ਅਤੇ ਮੰਗ ਪਹਿਲਾਂ ਵਾਂਗ ਰਹਿੰਦੀ ਹੈ ਤਾਂ ਕੀਮਤਾਂ ’ਤੇ ਸਿੱਧਾ ਅਸਰ ਪੈਂਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਹੀ ਕਾਰਨ ਸਬਜ਼ੀਆਂ ਦੇ ਰੇਟਾਂ ਵਿੱਚ ਅਚਾਨਕ ਤੇਜ਼ੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਮਹਿੰਗਾਈ ਦਾ ਅਸਰ ਸਿਰਫ਼ ਪਿਆਜ਼ ਤੱਕ ਸੀਮਤ ਨਹੀਂ ਹੈ। ਬਾਜ਼ਾਰ ਵਿੱਚ ਕਈ ਹੋਰ ਹਰੀਆਂ ਸਬਜ਼ੀਆਂ ਦੇ ਭਾਅ ਵੀ ਵਧੇ ਹਨ। ਦੁਕਾਨਦਾਰਾਂ ਅਨੁਸਾਰ 50 ਤੋਂ 60 ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਗੋਭੀ ਹੁਣ ਲਗਭਗ 80 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਸ਼ਿਮਲਾ ਮਿਰਚ ਅਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਵਿਕਰੇਤਾਵਾਂ ਨੂੰ ਖਦਸ਼ਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਨਾ ਹੋਇਆ ਅਤੇ ਸਬਜ਼ੀਆਂ ਦੀ ਸਪਲਾਈ ਆਮ ਨਹੀਂ ਹੋਈ ਤਾਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਸਬਜ਼ੀਆਂ ਦੇ ਵਧਦੇ ਰੇਟਾਂ ਦਾ ਅਸਰ ਗਾਹਕਾਂ ਦੀ ਖਰੀਦਦਾਰੀ ’ਤੇ ਵੀ ਪੈ ਰਿਹਾ ਹੈ। ਪਹਿਲਾਂ ਜਿਹੜੇ ਪਰਿਵਾਰ ਇੱਕ ਵਾਰ ਵਿੱਚ ਕਈ ਕਿਲੋ ਪਿਆਜ਼ ਜਾਂ ਹੋਰ ਸਬਜ਼ੀਆਂ ਖਰੀਦ ਲੈਂਦੇ ਸਨ, ਉਹ ਹੁਣ ਲੋੜ ਮੁਤਾਬਕ ਹੀ ਸਾਮਾਨ ਖਰੀਦ ਰਹੇ ਹਨ।
ਬਾਜ਼ਾਰ ਵਿੱਚ ਖਰੀਦਦਾਰੀ ਕਰਨ ਪਹੁੰਚੇ ਵਿੱਕੀ ਨੇ ਦੱਸਿਆ ਕਿ ਪਹਿਲਾਂ ਉਹ ਤਿੰਨ ਤੋਂ ਚਾਰ ਕਿਲੋ ਪਿਆਜ਼ ਇੱਕੋ ਵਾਰ ਲੈ ਜਾਂਦੇ ਸਨ, ਪਰ ਕੀਮਤ ਵਧਣ ਤੋਂ ਬਾਅਦ ਹੁਣ ਅੱਧਾ ਕਿਲੋ ਜਾਂ ਜਿੰਨੀ ਲੋੜ ਹੋਵੇ, ਉਨੀ ਹੀ ਮਾਤਰਾ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਨਾਲ ਘਰ ਦਾ ਮਹੀਨਾਵਾਰ ਬਜਟ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।
ਲਗਾਤਾਰ ਵਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ਕਾਰਨ ਆਮ ਪਰਿਵਾਰ ਚਿੰਤਤ ਹਨ। ਲੋਕਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਮਹਿੰਗੀਆਂ ਹੋਣ ਨਾਲ ਘਰੇਲੂ ਖਰਚਿਆਂ ਨੂੰ ਸੰਤੁਲਿਤ ਕਰਨਾ ਔਖਾ ਹੋ ਗਿਆ ਹੈ।
ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ’ਤੇ ਨਜ਼ਰ ਰੱਖੀ ਜਾਵੇ, ਸਪਲਾਈ ਪ੍ਰਬੰਧ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਆਮ ਖਪਤਕਾਰਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ।
Get all latest content delivered to your email a few times a month.