ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਸਵੇਰੇ 5:46 ਵਜੇ ਭੂਚਾਲ ਦੇ ਝਟਕਿਆਂ ਨਾਲ ਲੋਕਾਂ ਦੀ ਅੱਖ ਖੁੱਲ੍ਹੀ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.0 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ ਅਨੁਸਾਰ, ਭੂਚਾਲ ਦਾ ਕੇਂਦਰ ਸ਼ਿਮਲਾ ਤੋਂ ਲਗਭਗ 66 ਕਿਲੋਮੀਟਰ ਪੂਰਬ-ਦੱਖਣ-ਪੂਰਬ (ਜੁਬਲ-ਕੋਟਖਾਈ ਖੇਤਰ) ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਲਗਭਗ 3 ਸੈਕਿੰਡ ਤੱਕ ਰਹਿਣ ਵਾਲੇ ਇਨ੍ਹਾਂ ਝਟਕਿਆਂ ਕਾਰਨ ਸ਼ਿਮਲਾ, ਸੋਲਨ, ਸਿਰਮੌਰ, ਬਿਲਾਸਪੁਰ ਅਤੇ ਮੰਡੀ ਖੇਤਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਬਰਾਹਟ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੀਆਂ ਥਾਵਾਂ ਵੱਲ ਦੌੜੇ। ਹਾਲਾਂਕਿ, ਸਥਿਤੀ ਆਮ ਹੋਣ ਤੋਂ ਬਾਅਦ ਲੋਕ ਘਰਾਂ ਨੂੰ ਪਰਤ ਗਏ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਭੂਚਾਲ ਦੇ ਪੱਖੋਂ ਅਤਿ-ਸੰਵੇਦਨਸ਼ੀਲ ਰਾਜਾਂ ਵਿੱਚ ਸ਼ਾਮਲ ਹੈ, ਜਿਸ ਦੇ ਕਈ ਇਲਾਕੇ ਹਾਈ-ਰਿਸਕ ਜ਼ੋਨ 4 ਅਤੇ 5 ਵਿੱਚ ਪੈਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ 5.0 ਤੋਂ ਘੱਟ ਤੀਬਰਤਾ ਵਾਲੇ ਭੂਚਾਲਾਂ ਨਾਲ ਆਮ ਤੌਰ 'ਤੇ ਵੱਡਾ ਨੁਕਸਾਨ ਨਹੀਂ ਹੁੰਦਾ, ਪਰ ਪਹਾੜੀ ਖੇਤਰਾਂ ਦੀ ਬਣਾਵਟ ਅਤੇ ਡੂੰਘਾਈ ਦੇ ਹਿਸਾਬ ਨਾਲ ਪ੍ਰਭਾਵ ਵੱਖ-ਵੱਖ ਹੋ ਸਕਦਾ ਹੈ।
Get all latest content delivered to your email a few times a month.