ਤਾਜਾ ਖਬਰਾਂ
ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਦੀਆਂ ਚਰਚਾਵਾਂ ਨੂੰ ਸਪੱਸ਼ਟ ਤੌਰ ’ਤੇ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ SAD ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਅਤੇ ਪਾਰਟੀ ਆਪਣੇ ਦਮ ’ਤੇ ਹੀ ਚੋਣ ਮੈਦਾਨ ਵਿੱਚ ਉਤਰੇਗੀ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀਐਲ ਸੰਤੋਸ਼ ਨੇ ਵੀ ਪਾਰਟੀ ਦੀ ਰਣਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਹਰ ਵਿਧਾਨ ਸਭਾ ਹਲਕੇ ਵਿੱਚ ਸਰਗਰਮੀ ਨਾਲ ਕੰਮ ਕਰਨ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਕਿਹਾ।
ਬੀਐਲ ਸੰਤੋਸ਼ ਨੇ ਆਪਣੇ ਪੰਜਾਬ ਦੌਰੇ ਦੌਰਾਨ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਪਾਰਟੀ ਵਰਕਰਾਂ ਨਾਲ ਵੀ ਮੀਟਿੰਗਾਂ ਕੀਤੀਆਂ। ਦੱਸਿਆ ਗਿਆ ਕਿ ਉਹ ਪੰਜਾਬ ਦੌਰੇ ਦੌਰਾਨ ਹੋਈਆਂ ਮੀਟਿੰਗਾਂ ਅਤੇ ਸੰਗਠਨ ਦੀ ਸਥਿਤੀ ਸਬੰਧੀ ਰਿਪੋਰਟ ਤਿਆਰ ਕਰਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੂੰ ਸੌਂਪਣਗੇ।
ਮੀਟਿੰਗ ਦੌਰਾਨ ਬੀਐਲ ਸੰਤੋਸ਼ ਨੇ ਪਾਰਟੀ ਦੇ ਪੁਰਾਣੇ ਅਤੇ ਰਵਾਇਤੀ ਵਰਕਰਾਂ ਦੇ ਯੋਗਦਾਨ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰ ਭਾਜਪਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦਾ ਸਤਿਕਾਰ ਹਰ ਹਾਲ ਵਿੱਚ ਕਾਇਮ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੀਆਂ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਨਵੇਂ ਆਗੂਆਂ ਅਤੇ ਵਰਕਰਾਂ ਦਾ ਵੀ ਸਵਾਗਤ ਕੀਤਾ।
ਉਨ੍ਹਾਂ ਪਾਰਟੀ ਆਗੂਆਂ ਨੂੰ ਪੁਰਾਣੇ ਅਤੇ ਨਵੇਂ ਵਰਕਰਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਅਤੇ ਸੰਗਠਨ ਨੂੰ ਇਕਜੁੱਟ ਕਰਕੇ ਅੱਗੇ ਵਧਣ ਦਾ ਸੰਦੇਸ਼ ਦਿੱਤਾ।
ਇਸ ਅਹਿਮ ਮੀਟਿੰਗ ਵਿੱਚ ਪੰਜਾਬ ਇੰਚਾਰਜ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਸ਼ੋਕ ਮਿੱਤਲ, ਤਜਿੰਦਰ ਬਿੱਟੂ, ਜੈਵੀਰ ਸ਼ੇਰਗਿੱਲ, ਮਨਪ੍ਰੀਤ ਬਾਦਲ, ਵਿਜੇ ਸਾਂਪਲਾ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਸਮੇਤ ਕਈ ਹੋਰ ਭਾਜਪਾ ਆਗੂ ਅਤੇ ਵਰਕਰ ਮੌਜੂਦ ਰਹੇ।
ਮੀਟਿੰਗ ਤੋਂ ਬਾਅਦ ਭਾਜਪਾ ਵੱਲੋਂ ਇਹ ਸੰਕੇਤ ਸਾਫ਼ ਨਜ਼ਰ ਆਇਆ ਕਿ ਪਾਰਟੀ ਪੰਜਾਬ ਵਿੱਚ ਆਪਣਾ ਸੰਗਠਨ ਮਜ਼ਬੂਤ ਕਰਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 117 ਹਲਕਿਆਂ ਵਿੱਚ ਆਪਣੀ ਤਿਆਰੀ ਨੂੰ ਤੇਜ਼ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ।
Get all latest content delivered to your email a few times a month.