ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਰੇਲਵੇ ਪ੍ਰਸ਼ਾਸਨ ਨੇ ਕਾਂਗੜਾ ਵੈਲੀ ਨੈਰੋ-ਗੇਜ ਰੇਲ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਹੈ। ਪਹਾੜਾਂ 'ਚ ਜ਼ਮੀਨ ਖਿਸਕਣ (ਲੈਂਡਸਲਾਈਡ) ਅਤੇ ਚਿੱਕੜ ਡਿੱਗਣ ਕਾਰਨ ਪਟੜੀਆਂ ਨੂੰ ਹੋ ਰਹੇ ਨੁਕਸਾਨ ਦੇ ਖ਼ਤਰੇ ਨੂੰ ਵੇਖਦਿਆਂ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਇਹ ਫੈਸਲਾ ਲਿਆ ਹੈ। ਇਸ ਨਾਲ ਪਠਾਨਕੋਟ ਤੋਂ ਕਾਂਗੜਾ, ਪਾਲਮਪੁਰ, ਬੈਜਨਾਥ ਅਤੇ ਜੋਗਿੰਦਰਨਗਰ ਆਉਣ-ਜਾਣ ਵਾਲੇ ਰੋਜ਼ਾਨਾ ਯਾਤਰੀਆਂ ਅਤੇ ਸੈਲਾਨੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਰੇਲਵੇ ਅਧਿਕਾਰੀਆਂ ਅਨੁਸਾਰ ਟਰੈਕ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਟ੍ਰੇਨ ਨੰਬਰ 52473 (ਬੈਜਨਾਥ-ਪਾਪਰੋਲਾ ਤੋਂ ਜੋਗਿੰਦਰਨਗਰ) ਅਤੇ 52472 (ਜੋਗਿੰਦਰਨਗਰ ਤੋਂ ਬੈਜਨਾਥ-ਪਾਪਰੋਲਾ) ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ, ਜਦਕਿ ਬੈਜਨਾਥ-ਪਾਪਰੋਲਾ ਤੋਂ ਪਠਾਨਕੋਟ ਵਿਚਕਾਰ ਚੱਲਣ ਵਾਲੀਆਂ ਰੇਲ ਸੇਵਾਵਾਂ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈਆਂ ਹਨ। ਰੇਲਵੇ ਸੇਵਾਵਾਂ ਠੱਪ ਹੋਣ ਕਾਰਨ ਹੁਣ ਯਾਤਰੀਆਂ ਨੂੰ ਆਪਣੇ ਸਫ਼ਰ ਲਈ ਪੰਜਾਬ ਤੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਜਾਂ ਨਿੱਜੀ ਵਾਹਨਾਂ 'ਤੇ ਹੀ ਨਿਰਭਰ ਹੋਣਾ ਪਵੇਗਾ।
ਜ਼ਿਕਰਯੋਗ ਹੈ ਕਿ ਪਠਾਨਕੋਟ-ਜੋਗਿੰਦਰਨਗਰ ਰੇਲ ਲਾਈਨ ਕਾਂਗੜਾ ਘਾਟੀ ਦੀ ਲਾਈਫ਼-ਲਾਈਨ ਮੰਨੀ ਜਾਂਦੀ ਹੈ ਅਤੇ ਸੈਲਾਨੀਆਂ ਵਿੱਚ ਵੀ ਕਾਫ਼ੀ ਮਕਬੂਲ ਹੈ। ਰੇਲਵੇ ਦੀਆਂ ਤਕਨੀਕੀ ਟੀਮਾਂ ਫਿਲਹਾਲ ਪ੍ਰਭਾਵਿਤ ਟਰੈਕਾਂ, ਡਰੇਨੇਜ ਸਿਸਟਮ ਅਤੇ ਕਮਜ਼ੋਰ ਥਾਵਾਂ ਤੋਂ ਮਲਬਾ ਹਟਾਉਣ ਅਤੇ ਮੁਰੰਮਤ ਦੇ ਕੰਮ 'ਚ ਜੁਟੀਆਂ ਹੋਈਆਂ ਹਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਸੁਰੱਖਿਆ ਮਾਪਦੰਡ ਪੂਰੇ ਹੋਣ ਅਤੇ ਮੌਸਮ 'ਚ ਸੁਧਾਰ ਆਉਣ ਤੋਂ ਬਾਅਦ ਹੀ ਰੇਲ ਆਵਾਜਾਈ ਮੁੜ ਬਹਾਲ ਕੀਤੀ ਜਾਵੇਗੀ। ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਰੇਲਵੇ ਹੈਲਪਲਾਈਨ ਜਾਂ ਆਨਲਾਈਨ ਮੋਡ ਰਾਹੀਂ ਟ੍ਰੇਨ ਦੀ ਸਥਿਤੀ ਜਾਂਚਣ ਦੀ ਅਪੀਲ ਕੀਤੀ ਗਈ ਹੈ।
Get all latest content delivered to your email a few times a month.