ਤਾਜਾ ਖਬਰਾਂ
ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ (ਐੱਨ.ਸੀ.ਆਰ.) ਵਿੱਚ ਮੰਗਲਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਸੜਕਾਂ 'ਤੇ ਪਾਣੀ ਭਰਨ ਕਾਰਨ ਥਾਂ-ਥਾਂ ਜਾਮ ਵਰਗੀ ਸਥਿਤੀ ਬਣ ਗਈ ਹੈ। ਵਿਗੜ ਰਹੇ ਮੌਸਮ ਨੂੰ ਦੇਖਦਿਆਂ ਭਾਰਤੀ ਮੌਸਮ ਵਿਭਾਗ (IMD) ਨੇ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਲਈ 'ਆਰੈਂਜ' ਤੋਂ ਅਪਗ੍ਰੇਡ ਕਰਕੇ 'ਰੈੱਡ ਅਲਰਟ' ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਖੇਤਰ ਵਿੱਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਅਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।
ਤੜਕੇ ਤੋਂ ਹੋ ਰਹੀ ਬਾਰਿਸ਼ ਕਾਰਨ ਕਨਾਟ ਪਲੇਸ, ਏਮਜ਼, ਦੱਖਣੀ ਦਿੱਲੀ ਅਤੇ ਹੋਰ ਪ੍ਰਮੁੱਖ ਇਲਾਕਿਆਂ ਦੀਆਂ ਸੜਕਾਂ 'ਚ ਪਾਣੀ ਭਰ ਗਿਆ, ਜਿਸ ਕਰਕੇ ਸਕੂਲੀ ਬੱਚਿਆਂ ਅਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ 'ਤੇ ਵਾਹਨਾਂ ਦੀ ਰਫ਼ਤਾਰ ਬੇਹੱਦ ਸੁਸਤ ਹੋ ਗਈ ਹੈ।
ਬਾਰਿਸ਼ ਅਤੇ ਜਲ-ਭਰਾਅ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (DDMA) ਗੁਰੂਗ੍ਰਾਮ ਨੇ ਸਾਰੇ ਕਾਰਪੋਰੇਟ ਦਫ਼ਤਰਾਂ, ਸਰਕਾਰੀ ਵਿਭਾਗਾਂ ਅਤੇ ਨਿੱਜੀ ਸਕੂਲਾਂ ਨੂੰ ਆਨਲਾਈਨ ਮੋਡ 'ਚ ਕੰਮ ਕਰਨ ਦੀ ਹਦਾਇਤ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਸੜਕਾਂ 'ਤੇ ਗੱਡੀਆਂ ਦੀ ਗਿਣਤੀ ਘੱਟ ਹੋਣ ਨਾਲ ਨਗਰ ਨਿਗਮ ਅਤੇ ਹੋਰ ਏਜੰਸੀਆਂ ਨੂੰ ਪਾਣੀ ਦੀ ਨਿਕਾਸੀ ਦੇ ਕੰਮ ਵਿੱਚ ਆਸਾਨੀ ਹੋਵੇਗੀ।
IMD ਨੇ ਨਾਗਰਿਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਲਈ ਆਖਿਆ ਗਿਆ ਹੈ:
ਯਾਤਰਾ ਦੌਰਾਨ ਸਾਵਧਾਨੀ: ਪਾਣੀ ਭਰੇ ਇਲਾਕਿਆਂ ਵਿੱਚ ਜਾਣ ਤੋਂ ਬਚੋ ਅਤੇ ਗੱਡੀ ਧੀਮੀ ਰਫ਼ਤਾਰ ਨਾਲ ਚਲਾਓ।
ਸੁਰੱਖਿਅਤ ਆਸਰਾ: ਰੁੱਖਾਂ, ਖੰਭਿਆਂ ਜਾਂ ਕਮਜ਼ੋਰ ਢਾਂਚਿਆਂ ਦੇ ਹੇਠਾਂ ਆਸਰਾ ਨਾ ਲਵੋ।
ਕਿਸਾਨਾਂ ਲਈ ਨਿਰਦੇਸ਼: ਖੇਤਾਂ 'ਚੋਂ ਵਾਧੂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ, ਕੱਟੀ ਫ਼ਸਲ ਖੁੱਲ੍ਹੇ 'ਚ ਨਾ ਰੱਖੋ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਚੋ।
Get all latest content delivered to your email a few times a month.