ਤਾਜਾ ਖਬਰਾਂ
ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਖੇਤਰ ਵਿੱਚ ਆਪਸੀ ਗੈਂਗਵਾਰ ਅਤੇ ਖ਼ੂਨੀ ਬਦਲੇ ਦੀ ਇੱਕ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਇੱਕ ਪਾਸੇ ਜਿੱਥੇ ਮੋਗਾ ਤੋਂ ਅਗਵਾ ਕਰਕੇ ਮੌਤ ਦੇ ਘਾਟ ਉਤਾਰੇ ਗਏ ਲਵਜੀਤ ਸਿੰਘ ਉਰਫ਼ ਲਵ ਕੋਟ ਦੀ ਲਾਸ਼ ਦਾ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਉਸੇ ਹੱਥੋਂ ਮਾਰੇ ਗਏ ਉਸ ਦੇ ਦੋਸਤ ਸਤਪਾਲ ਸਿੰਘ ਪਾਲਾ ਦੀ ਅੰਤਿਮ ਅਰਦਾਸ ਪਿੰਡ ਬੂਹ ਹਵੇਲੀਆਂ ਵਿਖੇ ਸੰਪੂਰਨ ਹੋਈ।
ਮਾਮਲੇ ਅਨੁਸਾਰ, ਕੈਨੇਡਾ ਤੋਂ ਵਾਪਸ ਆ ਕੇ ਰੇਤ ਦਾ ਕਾਰੋਬਾਰ ਕਰਨ ਵਾਲੇ ਸਤਪਾਲ ਸਿੰਘ ਪਾਲਾ ਦਾ 12 ਅਗਸਤ ਨੂੰ ਉਸ ਦੇ ਹੀ ਕਰੀਬੀ ਦੋਸਤ ਲਵਜੀਤ ਸਿੰਘ ਲਵ ਕੋਟ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਾਂਡ ਤੋਂ ਬਾਅਦ ਪਾਲਾ ਦੇ ਭਰਾ ਸਤਨਾਮ ਸਿੰਘ ਸੱਤਾ ਨੇ ਸੋਸ਼ਲ ਮੀਡੀਆ 'ਤੇ ਲਵਜੀਤ ਦਾ ਸੁਝਾਅ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ। ਬੀਤੇ ਦਿਨੀਂ ਸੱਤਾ ਅਤੇ ਉਸ ਦੇ ਸਾਥੀਆਂ ਨੇ ਮੋਗਾ ਦੇ ਧਰਮਕੋਟ ਤੋਂ ਲਵਜੀਤ ਨੂੰ ਅਗਵਾ ਕਰਨ ਉਪਰੰਤ ਬੇਰਹਿਮੀ ਨਾਲ ਮਾਰ ਦਿੱਤਾ।
ਮੁੱਖ ਮੁਲਜ਼ਮ ਸਤਨਾਮ ਸਿੰਘ ਸੱਤਾ ਦੀ ਗ੍ਰਿਫ਼ਤਾਰੀ ਲਈ ਡੀਐੱਸਪੀ ਸ਼ਿਵਦਰਸ਼ਨ ਸਿੰਘ ਅਤੇ ਥਾਣਾ ਹਰੀਕੇ ਪੱਤਣ ਪੁਲਿਸ ਅਧੀਨ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਹਰੀਕੇ ਪੱਤਣ ਤੋਂ ਧਰਮਕੋਟ ਦਰਮਿਆਨ ਟੋਲ ਪਲਾਜ਼ਿਆਂ ਸਮੇਤ ਲਗਭਗ 62 ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਜਾਂਚ ਦੇ ਆਧਾਰ 'ਤੇ ਪੁਲਿਸ ਨੇ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੂਜੇ ਪਾਸੇ, ਸਿਵਲ ਹਸਪਤਾਲ ਪੱਟੀ ਵਿਖੇ ਤਿੰਨ ਮੈਂਬਰੀ ਡਾਕਟਰਾਂ ਦੇ ਪੈਨਲ ਵੱਲੋਂ ਮ੍ਰਿਤਕ ਲਵਜੀਤ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।
Get all latest content delivered to your email a few times a month.