ਤਾਜਾ ਖਬਰਾਂ
ਅੰਤਰਰਾਸ਼ਟਰੀ ਸਮੁੰਦਰੀ ਪਾਣੀਆਂ ਵਿੱਚ ਸਮੁੰਦਰੀ ਡਾਕੂਆਂ (Pirates) ਦੀਆਂ ਗਤੀਵਿਧੀਆਂ ਇੱਕ ਵਾਰ ਫਿਰ ਵੱਧ ਗਈਆਂ ਹਨ। ਯਮਨ ਅਤੇ ਸੋਮਾਲੀਆ ਦੇ ਤੱਟਾਂ ਨੇੜਿਓਂ ਲੰਘ ਰਹੇ ਦੋ ਵੱਖ-ਵੱਖ ਵਪਾਰਕ ਜਹਾਜ਼ਾਂ ਨੂੰ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਇਨ੍ਹਾਂ ਜਹਾਜ਼ਾਂ ਵਿੱਚ 22 ਭਾਰਤੀ ਨਾਗਰਿਕਾਂ ਸਮੇਤ ਕੁੱਲ 30 ਕਰੂ ਮੈਂਬਰ ਸਵਾਰ ਹਨ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵੇਂ ਅਗਵਾ ਕੀਤੇ ਗਏ ਜਹਾਜ਼ਾਂ 'ਤੇ ਵਿਦੇਸ਼ੀ ਝੰਡੇ ਲੱਗੇ ਹੋਏ ਸਨ।
ਸਾਪਤਾਹਿਕ ਪ੍ਰੈਸ ਬ੍ਰੀਫਿੰਗ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਜਹਾਜ਼ 'MT Sibu 1' ਵਿੱਚ 16 ਭਾਰਤੀ ਸਵਾਰ ਹਨ, ਜਦਕਿ ਦੂਜੇ ਜਹਾਜ਼ 'M/V Lutuf' ਵਿੱਚ 6 ਭਾਰਤੀ ਨਾਗਰਿਕ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਤਾਜ਼ਾ ਜਾਣਕਾਰੀ ਮੁਤਾਬਕ ਸਾਰੇ 22 ਭਾਰਤੀ ਮਲਾਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਭਾਰਤ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਅਤੇ ਦੇਖਭਾਲ ਲਈ ਸਬੰਧਤ ਅੰਤਰਰਾਸ਼ਟਰੀ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੀ ਹੈ।
ਪ੍ਰੈਸ ਬ੍ਰੀਫਿੰਗ ਦੌਰਾਨ ਰਣਧੀਰ ਜੈਸਵਾਲ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਕੰਪਲੈਕਸ ਵਿੱਚ ਹੋਈ ਭੰਨਤੋੜ ਬਾਰੇ ਵੀ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਇਤਰਾਜ਼ ਦੇ ਬਾਵਜੂਦ ਪਾਕਿਸਤਾਨ ਅਧਿਕਾਰੀਆਂ ਵੱਲੋਂ ਹਾਈ ਕਮਿਸ਼ਨ ਕੰਪਲੈਕਸ ਅੰਦਰ ਕੁਝ ਢਾਂਚਿਆਂ ਨੂੰ ਜ਼ਬਰਦਸਤੀ ਹਟਾ ਦਿੱਤਾ ਗਿਆ। ਪਾਕਿਸਤਾਨ ਦੀ ਇਸ ਉਕਸਾਊ ਕਾਰਵਾਈ ਦਾ ਜਵਾਬ ਦਿੰਦਿਆਂ ਭਾਰਤ ਨੇ ਵੀ ਸਖ਼ਤ ਰੁਖ਼ ਅਪਣਾਇਆ ਹੈ ਅਤੇ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਬਾਹਰੀ ਹਿੱਸੇ 'ਚ ਬਣੇ ਕੁਝ ਅਸਥਾਈ ਨਿਰਮਾਣਾਂ ਨੂੰ ਹਟਾ ਦਿੱਤਾ ਹੈ।
Get all latest content delivered to your email a few times a month.