ਤਾਜਾ ਖਬਰਾਂ
ਬਹੁ-ਚਰਚਿਤ ਚੰਡੀਗੜ੍ਹ ਸਮਾਰਟ ਸਿਟੀ ਘੁਟਾਲੇ ਵਿੱਚ ਪਿਛਲੇ ਸੱਤ ਮਹੀਨਿਆਂ ਤੋਂ ਫਰਾਰ ਚੱਲ ਰਹੇ ਨਗਰ ਨਿਗਮ ਦੇ ਅਕਾਊਂਟੈਂਟ ਅਨੁਭਵ ਮਿਸ਼ਰਾ ਨੇ ਆਖ਼ਰਕਾਰ ਸੀ.ਬੀ.ਆਈ. (CBI) ਦੀ ਵਿਸ਼ੇਸ਼ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ। ਅਦਾਲਤ ਵਿੱਚ ਪਹੁੰਚਦਿਆਂ ਹੀ ਸੀ.ਬੀ.ਆਈ. ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਅਦਾਲਤ ਨੇ ਜਾਂਚ ਏਜੰਸੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮ ਦਾ 7 ਦਿਨਾਂ ਦਾ ਸੀ.ਬੀ.ਆਈ. ਰਿਮਾਂਡ ਮਨਜ਼ੂਰ ਕਰ ਲਿਆ ਹੈ।
ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਕਿ ਘੁਟਾਲੇ ਵਿੱਚ ਨਾਂ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਅਨੁਭਵ ਮਿਸ਼ਰਾ ਦੇਸ਼ ਛੱਡ ਕੇ ਥਾਈਲੈਂਡ ਫਰਾਰ ਹੋ ਗਿਆ ਸੀ। ਜਾਂਚ ਦੌਰਾਨ ਬਾਰ-ਬਾਰ ਨੋਟਿਸ ਭੇਜਣ ਦੇ ਬਾਵਜੂਦ ਉਹ ਏਜੰਸੀ ਸਾਹਮਣੇ ਪੇਸ਼ ਨਹੀਂ ਹੋਇਆ। ਬੀਤੇ ਹਫ਼ਤੇ ਅਦਾਲਤ ਵੱਲੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਅਤੇ ਚਾਰੇ ਪਾਸਿਓਂ ਸ਼ਿਕੰਜਾ ਕੱਸਣ ਤੋਂ ਬਾਅਦ ਉਹ ਭਾਰਤ ਪਰਤਣ ਅਤੇ ਸਰੈਂਡਰ ਕਰਨ ਲਈ ਮਜ਼ਬੂਰ ਹੋਇਆ।
ਸੀ.ਬੀ.ਆਈ. ਦੇ ਵਕੀਲ ਨਰੇਂਦਰ ਸਿੰਘ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਘੁਟਾਲੇ ਦੀ ਤਹਿ ਤੱਕ ਪਹੁੰਚਣ ਲਈ ਮੁਲਜ਼ਮ ਦੇ ਮੋਬਾਈਲ ਡਾਟਾ, ਵਟਸਐਪ ਚੈਟ, ਕਾਲ ਡਿਟੇਲ, ਬੈਂਕ ਖਾਤਿਆਂ ਅਤੇ ਕਥਿਤ ਫ਼ਰਜ਼ੀ ਐੱਫ.ਡੀ. (FD) ਨਾਲ ਜੁੜੇ ਦਸਤਾਵੇਜ਼ਾਂ ਦੀ ਪੜਤਾਲ ਜ਼ਰੂਰੀ ਹੈ। ਦੂਜੇ ਪਾਸੇ, ਬਚਾਅ ਪੱਖ ਨੇ ਮਿਸ਼ਰਾ ਨੂੰ ਆਊਟਸੋਰਸ ਮੁਲਾਜ਼ਮ ਦੱਸਦਿਆਂ ਬਲੀ ਦਾ ਬੱਕਰਾ ਬਣਾਉਣ ਦੇ ਦੋਸ਼ ਲਾਏ, ਜਿਨ੍ਹਾਂ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਹੁਣ ਸੀ.ਬੀ.ਆਈ. ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਘੁਟਾਲੇ ਵਿੱਚ ਸ਼ਾਮਲ ਹੋਰਨਾਂ ਚਿਹਰਿਆਂ ਬਾਰੇ ਵੀ ਪੁੱਛਗਿੱਛ ਕਰੇਗੀ।
Get all latest content delivered to your email a few times a month.