ਤਾਜਾ ਖਬਰਾਂ
ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-10 ਅਤੇ ਸੈਕਟਰ-7 ਵਿੱਚ ਲਗਾਇਆ ਜਾਣ ਵਾਲਾ ਮੁਫ਼ਤ ਪੈਟਰੋਲ ਦਾ 'ਲੰਗਰ' ਫਿਲਹਾਲ ਪ੍ਰਸ਼ਾਸਨਿਕ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਆਯੋਜਕ ਅਤੇ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ 'ਰਾਜਾ ਦੀ ਕਿੰਗ' ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਚੰਡੀਗੜ੍ਹ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ 'ਤੇ ਹਰੀ ਝੰਡੀ ਨਹੀਂ ਮਿਲਦੀ, ਉਦੋਂ ਤੱਕ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਜਾਵੇਗਾ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ 'ਚ ਆ ਕੇ ਪੈਟਰੋਲ ਪੰਪਾਂ 'ਤੇ ਇਕੱਠੇ ਨਾ ਹੋਣ।
ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਦੱਸਿਆ ਕਿ ਪਹਿਲਾਂ 21 ਤੋਂ 23 ਅਗਸਤ ਤੱਕ ਪੈਟਰੋਲ ਵੰਡਣ ਦੀ ਯੋਜਨਾ ਬਣਾਈ ਗਈ ਸੀ, ਪਰ ਹੁਣ ਇਹ ਲਾਗੂ ਨਹੀਂ ਹੋਵੇਗੀ। ਲੋੜੀਂਦੀਆਂ ਸਰਕਾਰੀ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਹੀ ਅਗਲੀ ਤਾਰੀਖ਼ ਦਾ ਰਸਮੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਅਤੇ ਜਨਤਕ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ, ਇਸ ਲਈ ਬਿਨਾਂ ਪੁਖ਼ਤਾ ਇੰਤਜ਼ਾਮਾਂ ਦੇ ਪ੍ਰੋਗਰਾਮ ਕਰਵਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਸੈਕਟਰ-10 ਵਿਖੇ ਮੁਫ਼ਤ ਪੈਟਰੋਲ ਵੰਡਣ ਦੀ ਤਿਆਰੀ ਕੀਤੀ ਗਈ ਸੀ, ਪਰ ਅਚਾਨਕ ਹਜ਼ਾਰਾਂ ਦੀ ਗਿਣਤੀ 'ਚ ਵਾਹਨ ਚਾਲਕਾਂ ਦੇ ਪਹੁੰਚਣ ਅਤੇ ਭਾਰੀ ਮੀਂਹ ਪੈਣ ਕਾਰਨ ਇਲਾਕੇ ਵਿੱਚ ਬੇਕਾਬੂ ਭੀੜ ਅਤੇ ਲੰਮਾ ਜਾਮ ਲੱਗ ਗਿਆ ਸੀ। ਸਥਿਤੀ ਨੂੰ ਵਿਗੜਦੀ ਦੇਖ ਕੇ ਸੈਕਟਰ-3 ਥਾਣੇ ਦੀ ਪੁਲਿਸ ਨੇ ਮੌਕੇ 'ਚ ਪਹੁੰਚ ਕੇ ਜਾਮ ਖੁੱਲ੍ਹਵਾਇਆ ਸੀ ਅਤੇ ਪ੍ਰਬੰਧਕਾਂ ਨੂੰ ਬਿਨਾਂ ਪ੍ਰਵਾਨਗੀ ਭੀੜ ਇਕੱਠੀ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ। ਉਸ ਸਮੇਂ ਪੈਟਰੋਲ ਨਾ ਮਿਲਣ ਕਾਰਨ ਸੈਂਕੜੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ ਸੀ, ਜਿਸ ਨੂੰ ਧਿਆਨ 'ਚ ਰੱਖਦਿਆਂ ਹੁਣ ਇਹ ਫੈਸਲਾ ਲਿਆ ਗਿਆ ਹੈ।
Get all latest content delivered to your email a few times a month.