ਤਾਜਾ ਖਬਰਾਂ
ਭਾਰਤੀ ਗੈਂਗਸਟਰਾਂ ਵੱਲੋਂ ਵਿਦੇਸ਼ੀ ਧਰਤੀ 'ਤੇ ਫੈਲਾਏ ਜਾ ਰਹੇ ਜੁਰਮ ਦੇ ਜਾਲ ਵਿਰੁੱਧ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਏਜੰਸੀ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਕਮਲ ਨਾਮ ਦੇ ਇੱਕ ਭਾਰਤੀ ਨਾਗਰਿਕ ਦੀ ਭਾਲ ਸ਼ੁਰੂ ਕੀਤੀ ਗਈ ਹੈ, ਜਿਸ 'ਤੇ ਅਮਰੀਕਾ ਵਿੱਚ ਰਹਿ ਕੇ ਗੈਂਗ ਚਲਾਉਣ ਅਤੇ ਵਸੂਲੀ (Extortion) ਕਰਨ ਦੇ ਗੰਭੀਰ ਦੋਸ਼ ਹਨ।
ਮਿਲੀ ਜਾਣਕਾਰੀ ਅਨੁਸਾਰ 1 ਜੁਲਾਈ ਨੂੰ ਕੈਲੀਫ਼ੋਰਨੀਆ ਦੀ ਇੱਕ ਅਦਾਲਤ ਨੇ ਕਮਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਐੱਫ.ਬੀ.ਆਈ. ਦਾ ਮੰਨਣਾ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ ਬਿਸ਼ਨੋਈ ਗੈਂਗ ਹੁਣ ਕੈਲੀਫ਼ੋਰਨੀਆ ਸਮੇਤ ਅਮਰੀਕਾ ਦੇ ਕਈ ਹੋਰਨਾਂ ਰਾਜਾਂ ਵਿੱਚ ਆਪਣੀਆਂ ਜੜ੍ਹਾਂ ਫੈਲਾ ਚੁੱਕਾ ਹੈ। ਏਜੰਸੀ ਨੇ ਮੁਲਜ਼ਮ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਕਮਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਥਾਨਕ ਐੱਫ.ਬੀ.ਆਈ. ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਉਨ੍ਹਾਂ ਦੇ ਪੋਰਟਲ (tips.fbi.gov) 'ਤੇ ਸੰਪਰਕ ਕਰੇ।
ਐੱਫ.ਬੀ.ਆਈ. ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਕਈ ਸਰਗਰਮ ਮੈਂਬਰਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਜੱਗੂ ਭਗਵਾਨਪੁਰੀਆ ਗਿਰੋਹ ਨਾਲ ਜੁੜੇ ਮੇਜਰ ਸਿੰਘ ਨੂੰ ਵੀ ਲੋੜੀਂਦਾ ਘੋਸ਼ਿਤ ਕੀਤਾ ਸੀ, ਜਿਸ 'ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਰਚਣ ਦੀਆਂ ਕਈ ਸੰਗੀਨ ਧਾਰਾਵਾਂ ਦਰਜ ਹਨ। ਅਮਰੀਕੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਇਸ ਸਖ਼ਤ ਕਾਰਵਾਈ ਨਾਲ ਵਿਦੇਸ਼ਾਂ 'ਚ ਬੈਠੇ ਭਾਰਤੀ ਅਪਰਾਧੀਆਂ 'ਚ ਭਾਜੜ ਮਚ ਗਈ ਹੈ।
Get all latest content delivered to your email a few times a month.