ਤਾਜਾ ਖਬਰਾਂ
ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਆਦੇਸ਼ ਤੋਂ ਬਾਅਦ ਸੂਬੇ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਧਾਰਮਿਕ ਨਗਰੀ ਅੰਮ੍ਰਿਤਸਰ ਵਿੱਚ ਸਰਕਾਰੀ ਤੇ ਨਿੱਜੀ ਆਵਾਜਾਈ ਠੱਪ ਹੋਣ ਕਾਰਨ ਬੱਸ ਅੱਡੇ 'ਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਇਸ ਦਾ ਮਿਲਿਆ-ਜੁਲਿਆ ਅਸਰ ਸਾਹਮਣੇ ਆਇਆ ਹੈ।
ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਮੁੱਖ ਬੱਸ ਅੱਡੇ 'ਤੇ ਸਵੇਰ ਤੋਂ ਹੀ ਕੋਈ ਬੱਸ ਨਾ ਚੱਲਣ ਕਾਰਨ ਹਜ਼ਾਰਾਂ ਮੁਸਾਫ਼ਰ ਫਸ ਗਏ। ਦੂਰ-ਦੁਰਾਡੇ ਦੇ ਇਲਾਕਿਆਂ 'ਚ ਜਾਣ ਵਾਲੇ ਲੋਕ ਕਈ ਘੰਟਿਆਂ ਤੱਕ ਆਪਣੀ ਗੱਡੀ ਦੀ ਉਡੀਕ ਕਰਦੇ ਰਹੇ। ਦੇਹਰਾਦੂਨ ਤੋਂ ਪਹੁੰਚੀ ਯਾਤਰੀ ਜਸਕੀਰਤ ਕੌਰ ਨੇ ਦੱਸਿਆ ਕਿ ਉਸ ਨੇ ਸ੍ਰੀ ਹਰਗੋਬਿੰਦਪੁਰ ਪਹੁੰਚਣਾ ਸੀ, ਪਰ ਬੱਸਾਂ ਬੰਦ ਹੋਣ ਕਰਕੇ ਉਹ ਆਪਣੇ ਸਾਮਾਨ ਸਮੇਤ ਅੱਡੇ 'ਚ ਹੀ ਰੁਕਣ ਲਈ ਮਜ਼ਬੂਰ ਹੈ। ਕਈ ਹੋਰ ਮੁਸਾਫ਼ਰ ਵੀ ਜਾਣਕਾਰੀ ਲਈ ਇੱਧਰ-ਉੱਧਰ ਭਟਕਦੇ ਨਜ਼ਰ ਆਏ।
ਲੁਧਿਆਣਾ ਸ਼ਹਿਰ ਦੇ ਘੰਟਾ ਘਰ ਅਤੇ ਚੌੜਾ ਬਾਜ਼ਾਰ ਸਮੇਤ ਪ੍ਰਮੁੱਖ ਇਲਾਕਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਨਫ਼ਰੀ ਤਾਇਨਾਤ ਕੀਤੀ ਗਈ ਹੈ। ਬੰਦ ਦੇ ਸੱਦੇ ਕਾਰਨ ਕੁਝ ਨਿੱਜੀ ਸਕੂਲਾਂ ਨੇ ਸੁਰੱਖਿਆ ਵਜੋਂ ਛੁੱਟੀ ਕਰ ਦਿੱਤੀ, ਜਦਕਿ ਕਈ ਸਕੂਲ ਅਤੇ ਕਾਲਜ ਆਮ ਵਾਂਗ ਚੱਲਦੇ ਰਹੇ। ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਘੱਟ ਰਹਿਣ ਕਾਰਨ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੀ ਤਾਰੀਖ਼ ਬਦਲ ਕੇ 22 ਅਗਸਤ ਕਰ ਦਿੱਤੀ ਹੈ।
ਮੋਰਚੇ ਵੱਲੋਂ ਚੱਕਾ ਜਾਮ ਦੀ ਕਾਲ ਦੇ ਬਾਵਜੂਦ ਲੁਧਿਆਣਾ ਦੇ ਦਿੱਲੀ ਰੋਡ (NH-44), ਚੰਡੀਗੜ੍ਹ ਰੋਡ ਅਤੇ ਫ਼ਿਰੋਜ਼ਪੁਰ ਰੋਡ 'ਤੇ ਗੱਡੀਆਂ ਦੀ ਆਵਾਜਾਈ ਆਮ ਵਾਂਗ ਚੱਲਦੀ ਰਹੀ। ਇਸ ਤੋਂ ਇਲਾਵਾ ਰੇਲ ਸੇਵਾਵਾਂ 'ਤੇ ਵੀ ਫਿਲਹਾਲ ਕੋਈ ਵੱਡਾ ਅਸਰ ਨਹੀਂ ਦੇਖਿਆ ਗਿਆ।
Get all latest content delivered to your email a few times a month.