ਤਾਜਾ ਖਬਰਾਂ
ਬਰਨਾਲਾ-ਮਾਨਸਾ ਰਾਸ਼ਟਰੀ ਰਾਜਮਾਰਗ 'ਤੇ ਕਸਬਾ ਹੰਡਿਆਇਆ ਨੇੜੇ ਲੰਘੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਪਰਾਲੀ ਨਾਲ ਲੱਦੀ ਓਵਰਲੋਡ ਟਰੈਕਟਰ-ਟਰਾਲੀ ਵੱਲੋਂ ਆਲਟੋ ਕਾਰ ਨੂੰ ਮਾਰੀ ਜ਼ਬਰਦਸਤ ਟੱਕਰ ਦੌਰਾਨ 22 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਚਾਲਕ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਰੂੜੇਕੇ ਕਲਾਂ ਦੇ ਰਹਿਣ ਵਾਲੇ ਤਿੰਨ ਨੌਜਵਾਨ ਆਪਣੀ ਆਲਟੋ ਕਾਰ ਵਿੱਚ ਖ਼ਰੀਦਦਾਰੀ ਕਰਕੇ ਵਾਪਸ ਆਪਣੇ ਪਿੰਡ ਜਾ ਰਹੇ ਸਨ। ਹੰਡਿਆਇਆ ਨੇੜੇ ਮਾਨਸਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਅਤੇ ਓਵਰਲੋਡ ਟਰੈਕਟਰ-ਟਰਾਲੀ ਨੇ ਉਨ੍ਹਾਂ ਦੀ ਕਾਰ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਕਾਰ ਚਲਾ ਰਹੇ ਹਰਮਲ ਸਿੰਘ (22) ਦੀ ਮੌਤ ਹੋ ਗਈ, ਜਦਕਿ ਮਨਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਵਿੱਚ ਸਵਾਰ ਤੀਜਾ ਨੌਜਵਾਨ ਹਰਪ੍ਰੀਤ ਸਿੰਘ ਵਾਲ-ਵਾਲ ਬਚ ਗਿਆ।
ਰਾਹਗੀਰਾਂ ਨੇ ਕਾਰ 'ਚ ਫਸੇ ਨੌਜਵਾਨਾਂ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਬਾਹਰ ਕੱਢਿਆ। ਸਥਾਨਕ ਲੋਕਾਂ ਅਨੁਸਾਰ ਸੜਕ ਸੁਰੱਖਿਆ ਫੋਰਸ (SSF) ਅਤੇ ਐਂਬੂਲੈਂਸ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ 25 ਮਿੰਟ ਤੱਕ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ, ਜਿਸ ਤੋਂ ਬਾਅਦ ਲੋਕਾਂ ਨੇ ਨਿੱਜੀ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਹਰਮਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਮਨਪ੍ਰੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।
ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਬਚੇ ਹੋਏ ਨੌਜਵਾਨ ਹਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਫਰਾਰ ਚਾਲਕ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਭਰਾ ਅਤੇ ਭੈਣ ਛੱਡ ਗਿਆ ਹੈ, ਜਿਸ ਦੀ ਮੌਤ ਤੋਂ ਬਾਅਦ ਪਿੰਡ ਰੂੜੇਕੇ ਕਲਾਂ ਵਿੱਚ ਮਾਤਮ ਦਾ ਮਾਹੌਲ ਹੈ।
Get all latest content delivered to your email a few times a month.